ਪੰਜਾਬ ਕੈਬਨਿਟ ‘ਚੋਂ ਅਸਤੀਫੇ ਤੋਂ ਬਾਅਦ ਨਵਜੋਤ ਸਿੱਧੂ ਦਾ ਪਹਿਲਾ ਵੱਡਾ ਬਿਆਨ

ਚੰਡੀਗੜ੍ਹ : ਪੰਜਾਬ ਵਜ਼ਾਰਤ ‘ਚੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਦੀ ਸਿਆਸਤ ‘ਚ ਵੱਡਾ ਭੂਚਾਲ ਲਿਆਉਣ ਮਗਰੋਂ ਨਵਜੋਤ ਸਿੱਧੂ ਨੇ ਇਕ ਹੋਰ ਟਵੀਟ ਕੀਤਾ ਹੈ। ਸਿੱਧੂ ਦਾ ਇਹ ਟਵੀਟ ਕੈਪਟਨ ਅਮਰਿੰਦਰ ਸਿੰਘ ਲਈ ਹੈ। ਟਵੀਟ ਕਰਕੇ ਸਿੱਧੂ ਨੇ ਕਿਹਾ ਕਿ ਮੈਂ ਆਪਣਾ ਅਸਤੀਫਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਭੇਜ ਰਿਹਾ ਹਾਂ। ਸਿੱਧੂ ਦਾ ਇਹ ਟਵੀਟ ਅਸਤੀਫੇ ਵਾਲੇ ਟਵੀਟ ਦੇ ਕੁਝ ਹੀ ਮਿੰਟਾਂ ਬਾਅਦ ਆਇਆ।
ਦੱਸ ਦੇਈਏ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਨਵਜੋਤ ਸਿੱਧੂ ਸਥਾਨਕ ਸਰਕਾਰਾਂ ਵਿਭਾਗ ਬਦਲੇ ਜਾਣ ਤੋਂ ਖਫਾ ਸਨ ਅਤੇ ਉਨ੍ਹਾਂ ਇਕ ਮਹੀਨਾ ਲੰਘ ਜਾਣ ਤੋਂ ਬਾਅਦ ਵੀ ਆਪਣਾ ਨਵਾਂ ਬਿਜਲੀ ਵਿਭਾਗ ਵੀ ਨਹੀਂ ਸੀ ਸੰਭਾਲਿਆ। ਐਤਵਾਰ ਸਵੇਰੇ ਨਵਜੋਤ ਸਿੱਧੂ ਨੇ ਆਪਣੇ ਅਸਤੀਫੇ ਦੀ ਜਾਣਕਾਰੀ ਟਵਿਟਰ ਜ਼ਰੀਏ ਦਿੱਤੀ ਜਦਕਿ ਉਨ੍ਹਾਂ ਵਲੋਂ ਰਾਹੁਲ ਗਾਂਧੀ ਨੂੰ ਭੇਜੇ ਗਏ ਅਸਤੀਫੇ ‘ਤੇ 10 ਜੂਨ ਦੀ ਤਰੀਕ ਪਈ ਹੋਈ ਹੈ। ਅਸਤੀਫੇ ਮਗਰੋਂ ਨਵਜੋਤ ਸਿੱਧੂ ਦਾ ਹੁਣ ਅਗਲਾ ਕਦਮ ਕੀ ਹੋਵੇਗਾ, ਇਹ ਵੇਖਣਾ ਦਿਲਚਸਪ ਹੋਵੇਗਾ।