ਪੀ. ਐੱਮ. ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਵਾਰਾਣਸੀ ‘ਚ ਕਰਨਗੇ ਮੁਲਾਕਾਤ

ਬੀਜਿੰਗ— ਬਿਸ਼ਕੇਕ ‘ਚ ਮੁਲਾਕਾਤ ਦੇ ਬਾਅਦ ਚੀਨ ਅਤੇ ਭਾਰਤ ਦੇ ਰਿਸ਼ਤਿਆਂ ‘ਚ ਮਜ਼ਬੂਤੀ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਇਸ ਸਾਲ ਵਾਰਾਣਸੀ ‘ਚ ਇਕ ਸੰਮੇਲਨ ਦੌਰਾਨ ਮੁਲਾਕਾਤ ਹੋਣ ਜਾ ਰਹੀ ਹੈ।
ਦੋਹਾਂ ਦੇਸ਼ਾਂ ਦੇ ਮੁਖੀ 12 ਅਕਤੂਬਰ ਨੂੰ ਵਾਰਾਣਸੀ ‘ਚ ਮਿਲਣਗੇ। ਬੀਤੇ ਸਾਲ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਚੀਨ ਦੇ ਵੁਹਾਨ ਸ਼ਹਿਰ ‘ਚ ਅਜਿਹੀ ਹੀ ਇਕ ਗੈਰ-ਰਸਮੀ ਮੁਲਾਕਾਤ ਦੌਰਾਨ ਮਿਲੇ ਸਨ, ਜਿਸ ਦੇ ਬਾਅਦ ਹੁਣ ਦੂਜੀ ਵਾਰ ਇਸ ਸਾਲ ਅਕਤੂਬਰ ‘ਚ ਦੋਹਾਂ ‘ਚ ਗੈਰ-ਰਸਮੀ ਮੁਲਾਕਾਤ ਹੋਣ ਜਾ ਰਹੀ ਹੈ। ਚੀਨੀ ਅਧਿਕਾਰੀਆਂ ਨੇ ਦੱਸਿਆ ਕਿ ਮੁਲਾਕਾਤ ਦਾ ਉਦੇਸ਼ ਦੋਹਾਂ ਦੇਸ਼ਾਂ ਦੇ ਡਿਪਲੋਮੈਟਿਕ ਰਿਸ਼ਤਿਆਂ ਦੀ 70ਵੀਂ ਵਰ੍ਹੇਗੰਢ ਇਕੱਠੇ ਮਨਾਉਣਾ ਹੈ।
2017 ‘ਚ ਡੋਕਲਾਮ ਸਰਹੱਦ ਵਿਵਾਦ ਦੇ ਬਾਅਦ ਦੋਹਾਂ ਦੇਸ਼ਾਂ ਦੇ ਮੁਖੀਆਂ ਦੀ ਇਸ ਮੁਲਾਕਾਤ ਨੂੰ ਅਹਿਮ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ। ਮੁਲਾਕਾਤ ਦੌਰਾਨ ਦੋਵੇਂ ਨੇਤਾ ਵਾਰਾਣਸੀ ਦੇ ਗੰਗਾ ਘਾਟ ‘ਤੇ ‘ਬੋਟ ਰਾਈਡ’ ਵੀ ਕਰ ਸਕਦੇ ਹਨ। ਜਿਵੇਂ ਕਿ ਬੀਤੇ ਸਾਲ ਅਪ੍ਰੈਲ ‘ਚ ਵੁਹਾਨ ਸਥਿਤ ਈਸਟ ਲੇਕ ‘ਚ ਵੀ ਦੇਖਣ ਨੂੰ ਮਿਲਿਆ ਸੀ, ਜਦ ਦੋਹਾਂ ਦੇਸ਼ਾਂ ਦੇ ਮੁਖੀਆਂ ਨੇ ਲਗਭਗ ਡੇਢ ਘੰਟੇ ਤਕ ‘ਬੋਟ ਰਾਈਡ’ ਦੌਰਾਨ ਚਰਚਾ ਕੀਤੀ ਸੀ।
ਅਕਤੂਬਰ ‘ਚ ਦੋਹਾਂ ਦੇਸ਼ਾਂ ਦੇ ਨੇਤਾਵਾਂ ਵਿਚਕਾਰ ਗੈਰ-ਰਸਮੀ ਮੁਲਾਕਾਤ ਤੋਂ ਪਹਿਲਾਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਗਲੇ ਮਹੀਨੇ ਬੀਜਿੰਗ ਦੀ ਯਾਤਰਾ ‘ਤੇ ਜਾ ਸਕਦੇ ਹਨ।