ਹਰਿਆਣਵੀ ਡਾਂਸਰ ਸਪਨਾ ਚੌਧਰੀ ਭਾਜਪਾ ‘ਚ ਹੋਈ ਸ਼ਾਮਲ

ਨਵੀਂ ਦਿੱਲੀ— ਪ੍ਰਸਿੱਧ ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਆਖਰਕਾਰ ਸਾਰੀਆਂ ਅਟਕਲਾਂ ਨੂੰ ਵਿਰਾਮ ਲਾਉਂਦੇ ਹੋਏ ਭਾਜਪਾ ਦਾ ਪੱਲਾ ਫੜ ਲਿਆ ਹੈ। ਐਤਵਾਰ ਨੂੰ ਸਪਨਾ ਨੇ ਦਿੱਲੀ ਭਾਜਪਾ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਸਪਨਾ ਨਵੀਂ ਦਿੱਲੀ ਵਿਖੇ, ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਮੈਂਬਰਸ਼ਿਪ ਮੁਹਿੰਮ 2019 ਦੇ ਪ੍ਰੋਗਰਾਮ ‘ਚ ਮਨੋਜ ਤਿਵਾੜੀ, ਸ਼ਿਵਰਾਜ ਸਿੰਘ ਚੌਹਾਨ, ਭਾਜਪਾ ਜਨਰਲ ਸਕੱਤਰ ਰਾਮਲਾਲ ਦੀ ਮੌਜੂਦਗੀ ਵਿਚ ਭਾਜਪਾ ‘ਚ ਸ਼ਾਮਲ ਹੋਈ।
ਦਰਅਸਲ ਭਾਜਪਾ ਨੇ ਦੇਸ਼ ਭਰ ਵਿਚ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸ ਦੇ ਤਹਿਤ ਉਹ ਲੋਕਾਂ ਨੂੰ ਪਾਰਟੀ ਨਾਲ ਜੋੜ ਰਹੀ ਹੈ। ਇਸ ਦੀ ਸ਼ੁਰੂਆਤ 6 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਸਦੀ ਖੇਤਰ ਵਾਰਾਣਸੀ ਤੋਂ ਕੀਤੀ ਸੀ। ਉਨ੍ਹਾਂ ਨੇ ਸਵੱਛ ਭਾਰਤ ਮਿਸ਼ਨ ਤਹਿਤ ਬੂਟਾ ਲਾ ਕੇ ਦੇਸ਼ ਦੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ ਸੀ।
ਸਪਨਾ ਚੌਧਰੀ ਦੀ ਭਾਜਪਾ ‘ਚ ਸ਼ਾਮਲ ਹੋਣ ਦੀ ਗੱਲ ਉਦੋਂ ਹੀ ਪੱਕੀ ਹੋ ਗਈ ਸੀ, ਜਦੋਂ ਦਿੱਲੀ ਵਿਚ ਚੋਣ ਪ੍ਰਚਾਰ ਦੇ ਆਖਰੀ ਦਿਨ ਉੱਤਰੀ-ਪੂਰਬੀ ਦਿੱਲੀ ਤੋਂ ਭਾਜਪਾ ਉਮੀਦਵਾਰ ਮਨੋਜ ਤਿਵਾੜੀ ਨੇ ਸਪਨਾ ਚੌਧਰੀ ਅਤੇ ਭੋਜਪੁਰੀ ਗਾਇਕ ਖੇਸਾਰੀ ਲਾਲ ਨਾਲ ਆਪਣੇ ਖੇਤਰ ਵਿਚ ਵਿਸ਼ਾਲ ਰੋਡ ਸ਼ੋਅ ਕੀਤਾ ਸੀ। ਮਨੋਜ ਤਿਵਾੜੀ ਦਾ ਮੁਕਾਬਲਾ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਸ਼ੀਲਾ ਦੀਕਸ਼ਿਤ ਅਤੇ ਆਮ ਆਦਮੀ ਪਾਰਟੀ ਦੇ ਦਿਲੀਪ ਪਾਂਡੇ ਨਾਲ ਸੀ। ਦਿੱਲੀ ‘ਚ 12 ਮਈ ਨੂੰ ਹੋਈਆਂ ਚੋਣਾਂ ਵਿਚ ਮਨੋਜ ਤਿਵਾੜੀ ਨੇ ਜਿੱਤ ਦਰਜ ਕੀਤੀ ਸੀ।
ਇੱਥੇ ਦੱਸ ਦੇਈਏ ਕਿ ਸਪਨਾ ਚੌਧਰੀ ਦੇ ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਸਪਨਾ ਦੀਆਂ ਕੁਝ ਤਸਵੀਰਾਂ ਪ੍ਰਿਅੰਕਾ ਗਾਂਧੀ ਨਾਲ ਵਾਇਰਲ ਹੋਈਆਂ ਸਨ। ਇਨ੍ਹਾਂ ਤਸਵੀਰਾਂ ਦੇ ਵਾਇਰਲ ਹੋਣ ਤੋਂ ਬਾਅਦ ਸਪਨਾ ਦੇ ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਸਨ ਪਰ ਬਾਅਦ ‘ਚ ਖੁਦ ਸਪਨਾ ਨੇ ਇਨ੍ਹਾਂ ਖਬਰਾਂ ਦ ਖੰਡਨ ਕੀਤਾ ਸੀ। ਪ੍ਰਿਅੰਕਾ ਨਾਲ ਤਸਵੀਰਾਂ ਵਾਇਰਲ ਹੋਣ ‘ਤੇ ਸਪਨਾ ਨੇ ਕਿਹਾ ਸੀ ਕਿ ਮੈਂ ਪ੍ਰਿਅੰਕਾ ਨੂੰ ਮਿਲੀ ਸੀ ਪਰ ਉਹ ਤਸਵੀਰ ਪੁਰਾਣੀ ਹੈ।