ਸੰਨੀ ਦਿਓਲ ‘ਤੇ ‘ਆਪ’ ਦਾ ਵੱਡਾ ਹਮਲਾ, ਨਵਜੋਤ ਸਿੱਧੂ ਨੂੰ ਸਲਾਹ

ਮੋਹਾਲੀ : ਵਾਧੂ ਚੋਣ ਖਰਚ ਦੇ ਮਾਮਲੇ ‘ਚ ਵਿਵਾਦਾਂ ਵਿਚ ਘਿਰੇ ਗੁਰਦਾਸਪੁਰ ਤੋਂ ਭਾਜਪਾ ਦੇ ਮੈਂਬਰ ਪਾਰਲੀਮੈਂਟ ਸੰਨੀ ਦਿਓਲ ‘ਤੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਵੱਡਾ ਹਮਲਾ ਬੋਲਿਆ ਹੈ। ਚੀਮਾ ਨੇ ਕਿਹਾ ਕਿ ਹੁਣ ਜਦੋਂ ਸੰਨੀ ਦਿਓਲ ਵਲੋਂ ਚੋਣ ਪ੍ਰਚਾਰ ‘ਚ ਤੈਅ ਰਕਮ ਤੋਂ ਕਿਤੇ ਜ਼ਿਆਦਾ ਪੈਸਾ ਲਗਾਉਣ ਦੀ ਰਿਪੋਰਟ ਵੀ ਸਾਹਮਣੇ ਆ ਗਈ ਹੈ ਤਾਂ ਚੋਣ ਕਮਿਸ਼ਨ ਨੂੰ ਕਾਰਵਾਈ ਕਰਦੇ ਹੋਏ ਸੰਨੀ ਦਿਓਲ ਦੀ ਐੱਮ. ਪੀ. ਦੀ ਮੈਂਬਰਸ਼ਿਪ ਰੱਦ ਕਰਨੀ ਚਾਹੀਦੀ ਹੈ। ਚੀਮਾ ਨੇ ਕਿਹਾ ਕਿ ਹੁਣ ਪਤਾ ਲੱਗੇਗਾ ਕਿ ਮੋਦੀ ਸਰਕਾਰ ਚੋਣ ਕਮਿਸ਼ਨ ਦੇ ਅਧੀਨ ਕਰਦੀ ਹੈ ਤਾਂ ਚੋਣ ਕਮਿਸ਼ਨ ਮੋਦੀ ਸਰਕਾਰ ਦੇ ਅਧੀਨ ਹੈ।
ਬਿਜਲੀ ਦੇ ਮਾਮਲੇ ‘ਤੇ ਪ੍ਰਤਾਪ ਸਿੰਘ ਬਾਜਵਾ ਦਾ ਪੱਖ ਪੂਰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਬਾਜਵਾ ਜਾਣਦੇ ਹਨ ਕਿ ਕਿਵੇਂ ਅਰਵਿੰਦ ਕੇਜਰੀਵਾਲ ਦਿੱਲੀ ਵਿਚ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾ ਰਹੇ ਹਨ ਜਦਕਿ ਪੰਜਾਬ ਵਿਚ ਬਿਜਲੀ 10-12 ਰੁਪਏ ਪ੍ਰਤੀ ਯੂਨਿਟ ਵੇਚੀ ਜਾ ਰਹੀ ਹੈ। ਚੀਮਾ ਨੇ ਕਿਹਾ ਕਿ ਹੁਣ ਨਵਜੋਤ ਸਿੱਧੂ ਨੂੰ ਚਾਹੀਦਾ ਹੈ ਕਿ ਉਹ ਦਲੇਰੀ ਨਾਲ ਫੈਸਲਾ ਲੈਂਦੇ ਹੋਏ ਬਿਜਲੀ ਮਹਿਕਮਾ ਸੰਭਾਲਣ ਅਤੇ ਬਿਜਲੀ ਦਰਾਂ ਵਿਚ ਕਟੌਤੀ ਕਰਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਚ ਪਹਿਲਾਂ ਹੀ ਬਿਜਲੀ ਅੰਦੋਲਨ ਵਿੱਢਿਆ ਗਿਆ ਹੈ ਅਤੇ ਜਦੋਂ ਤਕ ਪੰਜਾਬ ਵਿਚ ਬਿਜਲੀ ਸਸਤੀ ਨਹੀਂ ਹੁੰਦੀ ਉਦੋਂ ਤਕ ਆਮ ਆਦਮੀ ਪਾਰਟੀ ਦਾ ਸੰਘਰਸ਼ ਜਾਰੀ ਰਹੇਗਾ।
ਲੁਧਿਆਣਾ ਜੇਲ ਕਾਂਡ ‘ਤੇ ਬੋਲਦਿਆਂ ਵਿਰੋਧੀ ਧਿਰ ਦੇ ਲੀਡਰ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਆਏ ਦਿਨ ਜੇਲਾਂ ਵਿਚ ਕੈਦੀਆਂ ਦੇ ਕਤਲ ਅਤੇ ਮੌਤਾਂ ਹੋ ਰਹੀਆਂ ਹਨ। ਜਿਸ ਦੇ ਚੱਲਦੇ ਸੂਬੇ ਦੀਆਂ ਜੇਲਾਂ ਫੌਜ ਦੇ ਹਵਾਲੇ ਕੀਤੀਆਂ ਜਾਣੀਆਂ ਚਾਹੀਦੀਆਂ ਹਨ।