ਸਿੱਖਿਆ ਵਿਭਾਗ ਅੰਦਰ ਨਵੀਂ ਆਨਲਾਈਨ ਤਬਾਦਲਾ ਨੀਤੀ ਅੱਜ ਤੋਂ ਸ਼ੁਰੂ

ਸੰਗਰੂਰ : ਅਧਿਆਪਕਾਂ ਦੀ ਬਦਲੀਆਂ ਨੂੰ ਲੈ ਕੇ ਸੂਬਾ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਬਣਾਈ ਗਈ ਨਵੀਂ ਆਨਲਾਈਨ ਤਬਾਦਲਾ ਨੀਤੀ ਅੱਜ ਸ਼ੁਰੂ ਹੋ ਗਈ ਹੈ। ਇਸ ਤਬਾਦਲਾ ਨੀਤੀ ਦੇ ਤਹਿਤ ਬਦਲੀਆਂ ਲਈ ਲੋੜਵੰਦ ਅਧਿਆਪਕ ਹੁਣ ਆਪਣੇ ਤਬਾਦਲੇ ਲਈ ਆਨਲਾਈਨ ਅਪਲਾਈ ਕਰ ਸਕਣਗੇ। ਦੱਸਣਯੋਗ ਹੈ ਪਹਿਲਾਂ ਇਹ ਆਨਲਾਈਨ ਤਬਾਦਲਾ ਨੀਤੀ 4 ਜੁਲਾਈ ਨੂੰ ਸ਼ੁਰੂ ਹੋਣੀ ਸੀ ਪਰ ਕੁਝ ਤਕਨੀਕੀ ਕਾਰਨਾਂ ਕਰਕੇ ਵਿਭਾਗ ਨੇ ਤਿੰਨ ਦਿਨਾਂ ਬਾਅਦ ਇਸ ਨੂੰ ਸ਼ੁਰੂ ਕੀਤਾ ਹੈ। ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਅਧਿਆਪਕ ਪਾਲਿਸੀ ਅਨੁਸਾਰ ਕਵਰ ਹੁੰਦੇ ਹਨ, ਉਹ 7 ਜੁਲਾਈ ਤੋਂ ਲੈ ਕੇ 14 ਜੁਲਾਈ ਤੱਕ ਬਦਲੀਆਂ ਲਈ ਬੇਨਤੀ ਪੱਤਰ ਵਿਭਾਗ ਨੂੰ ਅਪਲਾਈ ਕਰ ਸਕਦੇ ਹਨ। ਉਕਤ ਨਵੀਂ ਆਨਲਾਈਨ ਤਬਾਦਲਾ ਨੀਤੀ ਨੂੰ ਲੈ ਕੇ ਸਿੱਖਿਆ ਮੰਤਰੀ ਸਿੰਗਲਾ ਨੇ ਕਿਹਾ ਕਿ ਇਸ ਨਾਲ ਬਦਲੀਆਂ ਵਿਚ ਪਾਰਦਰਸ਼ਤਾ ਆਵੇਗੀ ਤੇ ਘਰ ਬੈਠੇ ਹੀ ਅਧਿਆਪਕ ਆਪਣੀ ਬਦਲੀ ਲਈ ਅਪਲਾਈ ਕਰ ਸਕਦੇ ਹਨ।
ਆਨਲਾਈਨ ਤਬਾਦਲਾ ਨੀਤੀ ਨੂੰ ਲੈ ਕੇ ਨਵਨਿਯੁਕਤ ਅਧਿਆਪਕਾਂ ‘ਚ ਰੋਸ
ਸਿਖਿਆ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਨਵੀਂ ਆਨਲਾਈਨ ਤਬਾਦਲਾ ਨੀਤੀ ਨੂੰ ਲੈ ਕੇ ਨਵਨਿਯੁਕਤ 3582 ਮਾਸਟਰ ਕੇਡਰ ਦੇ ਅਧਿਆਪਕਾਂ ‘ਚ ਰੋਸ ਦੀ ਲਹਿਰ ਹੈ। ਆਪਣੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਯੂਨੀਅਨ ਦੇ ਪ੍ਰਧਾਨ ਰਾਜਪਾਲ ਖਨੋਰੀ, ਪ੍ਰੈੱਸ ਸਕੱਤਰ ਮੈਡਮ ਅਮਨਦੀਪ ਕੌਰ ਤੇ ਮੈਡਮ ਬਰਜਿੰਦਰ ਕੌਰ ਪਟਿਆਲਾ ਨੇ ਕਿਹਾ ਬਦਲੀਆਂ ਦੀ ਸਾਡੀ ਸਭ ਤੋਂ ਵੱਡੀ ਮੰਗ ਹੈ ਕਿਉਂਕਿ ਅਸੀਂ ਆਪਣੇ ਘਰਾਂ ਤੋਂ 300-350 ਕਿਲੋਮੀਟਰ ਦੂਰ ਬਾਰਡਰ ਏਰੀਆ ਦੇ ਸਕੂਲਾਂ ਵਿਚ ਪੜ੍ਹਾ ਰਹੇ ਹਾਂ ਅਤੇ ਬਦਲੀਆਂ ਰਾਹੀਂ ਆਪਣੇ ਜ਼ਿਲੇ ਦੇ ਸਕੂਲਾਂ ਵਿਚ ਅਸੀਂ ਆਉਣਾ ਚਾਹੁੰਦੇ ਹਾਂ ਪਰ ਵਿਭਾਗ ਨੇ ਆਪਣੀ ਇਸ ਨਵੀਂ ਆਨਲਾਈਨ ਤਬਾਦਲਾ ਨੀਤੀ ਵਿਚ ਸਾਡੇ ਤੇ ਦੋ ਸਾਲ ਅਪਲਾਈ ਨਾ ਕਰਨ ਦੀ ਸ਼ਰਤ ਲਗਾ ਕੇ ਸਾਡੇ ਨਾਲ ਵਧੀਕੀ ਕੀਤੀ ਹੈ।