ਅਮਰਨਾਥ ਯਾਤਰਾ ਲਈ 4,773 ਸ਼ਰਧਾਲੂਆਂ ਦਾ ਇੱਕ ਹੋਰ ਨਵਾਂ ਜੱਥਾ ਰਵਾਨਾ

ਸ਼੍ਰੀਨਗਰ—ਅਮਰਨਾਥ ਯਾਤਰਾ ਲਈ 4,773 ਸ਼ਰਧਾਲੂਆਂ ਦਾ ਅੱਠਵਾਂ ਜੱਥਾ ਅੱਜ ਭਾਵ ਐਤਵਾਰ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਦੌਰਾਨ ਭਗਵਤੀ ਨਗਰ ਆਧਾਰ ਕੈਂਪ ਤੋਂ ਰਵਾਨਾ ਹੋਇਆ ਹੈ। ਇਹ ਸ਼ਰਧਾਲੂ ਅਨੰਤਨਾਗ ਜ਼ਿਲੇ ਦੇ ਪਹਿਲਗਾਮ ਅਤੇ ਗਾਂਦੇਰਬਲ ਜ਼ਿਲੇ ਦੇ ਬਾਲਟਾਲ ਕੈਂਪ ਪਹੁੰਚਣਗੇ, ਜਿੱਥੋਂ ਉਹ 3,880 ਮੀਟਰ ਦੀ ਉਚਾਈ ‘ਤੇ ਸਥਿਤ ਬਰਫੀਲੀ ਗੁਫਾ ਦੇ ਦਰਸ਼ਨਾਂ ਲਈ ਅੱਗੇ ਦੀ ਯਾਤਰਾ ‘ਤੇ ਨਿਕਲਣਗੇ। ਇਸ ‘ਚੋਂ 2,751 ਸ਼ਰਧਾਲੂ ਪਰੰਪਰਾਗਤ ਪਹਿਲਗਾਮ ਮਾਰਗ (36 ਕਿਲੋਮੀਟਰ ਲੰਬੇ) ਅਤੇ 2,022 ਸ਼ਰਧਾਲੂ ਬਾਲਟਾਲ ਮਾਰਗ (14 ਕਿਲੋਮੀਟਰ ਲੰਬੇ) ਤੋਂ ਅੱਗੇ ਦੀ ਯਾਤਰਾ ਕਰਨਗੇ। ਹੁਣ ਤੱਕ 85,000 ਤੋਂ ਜ਼ਿਆਦਾ ਸ਼ਰਧਾਲੂ ਅਮਰਨਾਥ ਗੁਫਾ ਦੇ ਦਰਸ਼ਨ ਕਰ ਚੁੱਕੇ ਹਨ। ਇਹ ਸਾਲਾਨਾ ਯਾਤਰਾ 30 ਜੂਨ ਨੂੰ ਸ਼ੁਰੂ ਹੋਈ ਸੀ ਅਤੇ 15 ਅਗਸਤ ਨੂੰ ਰੱਖੜੀ ਦੇ ਦਿਨ ਸਮਾਪਤ ਹੋਵੇਗੀ।