‘ਸਾਰੇ ਮੋਦੀ ਚੋਰ’ ਕਹਿਣ ‘ਤੇ ਬੁਰੇ ਫਸੇ ਸਨ ਰਾਹੁਲ, ਮਾਣਹਾਨੀ ਕੇਸ ‘ਚ ਮਿਲੀ ਜ਼ਮਾਨਤ

ਪਟਨਾ— ਕਾਂਗਰਸ ਨੇਤਾ ਰਾਹੁਲ ਗਾਂਧੀ ਇਕ ਹੋਰ ਮਾਣਹਾਨੀ ਮਾਮਲੇ ‘ਚ ਅੱਜ ਯਾਨੀ ਕਿ ਸ਼ਨੀਵਾਰ ਨੂੰ ਪਟਨਾ ਦੀ ਸਿਵਲ ਕੋਰਟ ‘ਚ ਪੇਸ਼ ਹੋਏ, ਜਿੱਥੇ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ। ਰਾਹੁਲ ਨੂੰ 10,000 ਰੁਪਏ ਦੇ ਜੇਲ ਬਾਂਡ ‘ਤੇ ਜ਼ਮਾਨਤ ਮਿਲੀ। ਬਿਹਾਰ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਕਾਂਗਰਸ ਨੇਤਾ ਰਾਹੁਲ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਓਧਰ ਜ਼ਮਾਨਤ ਮਿਲਣ ਤੋਂ ਬਾਅਦ ਰਾਹੁਲ ਨੇ ਕਿਹਾ ਕਿ ਸੰਵਿਧਾਨ ਬਚਾਉਣ ਲਈ ਸਾਡੀ ਲੜਾਈ ਜਾਰੀ ਰਹੇਗੀ। ਇਸ ਲਈ ਜਿੱਥੇ ਵੀ ਲੋੜ ਪਵੇਗੀ, ਮੈਂ ਉੱਥੇ ਜਾਂਦਾ ਰਹਾਂਗਾ। ਰਾਹੁਲ ਨੇ ਕਿਹਾ ਕਿ ਜੋ ਵੀ ਆਰ. ਐੱਸ. ਐੱਸ. ਅਤੇ ਨਰਿੰਦਰ ਮੋਦੀ ਵਿਰੁੱਧ ਖੜ੍ਹਾ ਹੋਵੇਗਾ, ਉਹ ਉਨ੍ਹਾਂ ਦੇ ਵਿਚਾਰਧਾਰਾ ਵਿਰੁੱਧ ਹੋਵੇਗਾ। ਕੋਰਟ ਕੇਸ ਉਨ੍ਹਾਂ ਦੇ ਗਲ੍ਹ ‘ਤੇ ਥੱਪੜ ਹੈ। ਮੇਰੀ ਲੜਾਈ ਸੰਵਿਧਾਨ, ਗਰੀਬਾਂ ਅਤੇ ਕਿਸਾਨਾਂ ਨੂੰ ਬਚਾਉਣ ਦੀ ਹੈ।
ਦੱਸਣਯੋਗ ਹੈ ਕਿ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਰਾਹੁਲ ਨੇ ਕਿਹਾ ਸੀ ਕਿ ‘ਸਾਰੇ ਮੋਦੀ ਚੋਰ’ ਹਨ। ਰਾਹੁਲ ਨੇ ਇਕ ਰੈਲੀ ਵਿਚ ਕਿਹਾ ਸੀ ਕਿ ਆਖਰਕਾਰ ਸਾਰੇ ਚੋਰਾਂ ਦਾ ਨਾਂ ਮੋਦੀ ਕਿਉਂ ਹੈ? ਇਸ ਦੌਰਾਨ ਰਾਹੁਲ ਗਾਂਧੀ ਨੇ ਭਗੌੜੇ ਕਾਰੋਬਾਰੀਆਂ ਨੇ ਨੀਰਵ ਮੋਦੀ ਅਤੇ ਲਲਿਤ ਮੋਦੀ ਦਾ ਉਦਾਹਰਣ ਦਿੰਦੇ ਹੋਏ ਇਸ ਦਾ ਜ਼ਿਕਰ ਕੀਤਾ ਸੀ। ਰਾਹੁਲ ਨੇ ਕਿਹਾ ਸੀ ਕਿ ਸਾਰੇ ਚੋਰਾਂ ਦੇ ਸਰਨੇਮ ਮੋਦੀ ਕਿਉਂ ਹਨ। ਰਾਹੁਲ ਦੇ ਇਸ ਬਿਆਨ ਤੋਂ ਬਿਹਾਰ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਮੋਦੀ ਭੜਕ ਗਏ ਸਨ ਅਤੇ ਉਨ੍ਹਾਂ ਨੇ ਰਾਹੁਲ ਵਿਰੁੱਧ ਮਾਣਹਾਨੀ ਦਾ ਕੇਸ ਦਰਜ ਕਰਵਾਇਆ। ਉਨ੍ਹਾਂ ਕਿਹਾ ਕਿ ਰਾਹੁਲ ਨੇ ਉਨ੍ਹਾਂ ਨੂੰ ਚੋਰ ਦੱਸਿਆ। ਇਸ ਨਾਲ ਸਮਾਜ ਵਿਚ ਉਨ੍ਹਾਂ ਦਾ ਅਕਸ ਖਰਾਬ ਹੋਇਆ ਹੈ, ਜਿਸ ਦੀ ਸਜ਼ਾ ਕੋਰਟ ਵਲੋਂ ਰਾਹੁਲ ਨੂੰ ਜ਼ਰੂਰੀ ਮਿਲਣੀ ਚਾਹੀਦੀ ਹੈ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੁੰਬਈ ਦੀ ਇਕ ਅਦਾਲਤ ਨੇ ਰਾਹੁਲ ਗਾਂਧੀ ਨੂੰ ਆਰ. ਐੱਸ. ਐੱਸ. ਦੇ ਇਕ ਵਰਕਰ ਵਲੋਂ ਦਾਇਰ ਮਾਣਹਾਨੀ ਮਾਮਲੇ ‘ਚ 15,000 ਰੁਪਏ ਜੇਲ ਬਾਂਡ ਭਰਨ ‘ਤੇ ਜ਼ਮਾਨਤ ਦਿੱਤੀ।