ਮਾਨ ਨੇ ਸਿੱਧੂ ਨੂੰ ਦਿੱਤੀ ਆਪਣੀ ਜ਼ਿੰਮੇਵਾਰੀ ਸੰਭਾਲਣ ਦੀ ਸਲਾਹ

ਸੰਗਰੂਰ : ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਮਸਲੇ ‘ਤੇ ਹਮੇਸ਼ਾ ਸੋਚ-ਸਮਝ ਕੇ ਬੋਲਣ ਵਾਲੀ ‘ਆਪ’ ਅੱਜ-ਕਲ ਪੰਜਾਬ ਦੇ ਨਵੇਂ ਬਿਜਲੀ ਮੰਤਰੀ ਨੂੰ ਰੱਜ ਕੇ ਖਰੀਆਂ-ਖਰੀਆਂ ਸੁਣਾ ਰਹੀ ਹੈ। ਗਰਮੀ ਦਾ ਮੌਸਮ ਹੈ ਪਰ ਨਵੇਂ ਬਿਜਲੀ ਮੰਤਰੀ ਨੇ ਅਜੇ ਤੱਕ ਆਪਣਾ ਅਹੁਦਾ ਨਹੀਂ ਸਾਂਭਿਆ ਹੈ। ਹਮੇਸ਼ਾਂ ਸਿੱਧੂ ਨੂੰ ‘ਆਪ’ ਵਿਚ ਸ਼ਾਮਲ ਹੋਣ ਦਾ ਆਫ਼ਰ ਦੇਣ ਵਾਲੇ ‘ਆਪ’ ਆਗੂ ਹੁਣ ਸਿੱਧੂ ‘ਤੇ ਹਮਲਾਵਰ ਹਨ, ਲਿਹਾਜ਼ਾ ਭਗਵੰਤ ਮਾਨ ਵੀ ਕਿਵੇਂ ਚੁੱਪ ਰਹਿੰਦੇ, ਉਨ੍ਹਾਂ ਨੇ ਵੀ ਨਵਜੋਤ ਸਿੱਧੂ ਨੂੰ ਆਪਣੀ ਜਿੰਮੇਵਾਰੀ ਸੰਭਾਲਣ ਦੀ ਸਲਾਹ ਦੇ ਦਿੱਤੀ ਹੈ।
ਮਾਨ ਨੇ ਕਿਹਾ ਕਿ ਬਿਜਲੀ ਦਾ ਕੋਈ ਮੰਤਰੀ ਨਹੀਂ ਹੈ, ਇਸ ਲਈ ਤਾਂ ਪੰਜਾਬ ਵਿਚ ਬਿਜਲੀ ਦੇ ਰੇਟ ਦਿਨ-ਬ-ਦਿਨ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਸਾਬ੍ਹ ਨੂੰ ਆਪਣਾ ਵਿਭਾਗ ਸੰਭਾਲਣਾ ਚਾਹੀਦਾ ਅਤੇ ਬਿਜਲੀ ਸਸਤੀ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਉਨ੍ਹਾਂ ਦੀ ਵੀ ਪ੍ਰਸ਼ੰਸਾ ਹੋਵੇਗੀ। ਕੈਪਟਨ-ਸਿੱਧੂ ਵਿਵਾਦ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਤੇ ਸਿੱਧੂ ਆਪਣਾ ਬਿਜਲੀ ਮਹਿਕਮਾ ਨਹੀਂ ਸਾਂਭ ਰਹੇ। ਅਜਿਹੇ ‘ਚ ਮਾਨ ਨੇ ਸਿੱਧੂ ਨੂੰ ਜਿਥੇ ਸਲਾਹ ਵੀ ਦੇ ਦਿੱਤੀ ਓਥੇ ਹੀ ਮਿੱਠਾ ਵਾਰ ਵੀ ਕਰ ਦਿੱਤਾ।