ਛੱਤੀਸਗੜ੍ਹ : ਮੁਕਾਬਲੇ ‘ਚ 4 ਨਕਸਲੀ ਢੇਰ, ਮੌਕੇ ਤੋਂ ਹਥਿਆਰ ਬਰਾਮਦ

ਛੱਤੀਸਗੜ੍ਹ— ਛੱਤੀਸਗੜ੍ਹ ‘ਚ ਸ਼ਨੀਵਾਰ ਨੂੰ ਸੁਰੱਖਿਆ ਫੋਰਸ ਦੇ ਜਵਾਨਾਂ ਅਤੇ ਨਕਸਲੀਆਂ ਵਿਚਾਲੇ ਝੜਪ ਦੀ ਖਬਰ ਸਾਹਮਣੇ ਆਈ ਹੈ, ਜਿਸ ‘ਚ 4 ਨਕਸਲੀ ਮਾਰੇ ਗਏ ਅਤੇ ਉਨ੍ਹਾਂ ਤੋਂ ਮੌਕੇ ‘ਤੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਦੀ ਸਵੇਰ ਨੂੰ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਧਮਤਰੀ ਜ਼ਿਲੇ ‘ਚ ਸੁਰੱਖਿਆ ਫੋਰਸ ਨਾਲ ਮੁਕਾਬਲੇ ‘ਚ 3 ਮਹਿਲਾ ਨਕਸਲੀ ਸਮੇਤ 4 ਨਕਸਲੀ ਮਾਰੇ ਗਏ। ਡਿਪਟੀ ਪੁਲਸ ਕਮਿਸ਼ਨਰ ਸੁੰਦਰਰਾਜ ਪੀ. ਨੇ ਦੱਸਿਆ ਕਿ ਜ਼ਿਲੇ ਦੇ ਖੱਲਾਰੀ ਅਤੇ ਮੇਚਕਾ ਪਿੰਡ ਦੇ ਮੱਧ ਜੰਗਲ ‘ਚ ਐੱਸ. ਟੀ. ਐੱਫ. ਦੇ ਦਲ ਨਾਲ ਸਵੇਰੇ ਮੁਕਾਬਲੇ ਵਿਚ 4 ਨਕਸਲੀ ਮਾਰੇ ਗਏ। ਸੁੰਦਰਰਾਜ ਨੇ ਦੱਸਿਆ ਕਿ ਖੱਲਾਰੀ ਖੇਤਰ ‘ਚ ਐੱਸ. ਟੀ. ਐੱਫ. ਦਾ ਦਲ ਗਸ਼ਤ ਕਰ ਰਿਹਾ ਸੀ। ਦਲ ਜਦੋਂ ਖੱਲਾਰੀ ਅਤੇ ਮੇਚਕਾ ਪਿੰਡ ਦੇ ਮੱਧ ਜੰਗਲ ‘ਚ ਸੀ ਤਾਂ ਨਕਸਲੀਆਂ ਨੇ ਉਨ੍ਹਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸੁਰੱਖਿਆ ਫੋਰਸ ਨੇ ਵੀ ਜਵਾਬੀ ਕਾਰਵਾਈ ਕੀਤੀ। ਕੁਝ ਦੇਰ ਤਕ ਦੋਹਾਂ ਪਾਸਿਓਂ ਗੋਲੀਬਾਰੀ ਤੋਂ ਬਾਅਦ ਨਕਸਲੀ ਫਰਾਰ ਹੋ ਗਏ। ਬਾਅਦ ‘ਚ ਜਦੋਂ ਪੁਲਸ ਦਲ ਨੇ ਘਟਨਾ ਵਾਲੀ ਥਾਂ ‘ਤੇ ਤਲਾਸ਼ੀ ਮੁਹਿੰਮ ਚਲਾਈ ਤਾਂ ਉੱਥੋਂ 3 ਮਹਿਲਾ ਨਕਸਲੀ ਸਮੇਤ 4 ਨਕਸਲੀ ਦੀਆਂ ਲਾਸ਼ਾਂ, 7 ਹਥਿਆਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸੰਬੰਧ ਵਿਚ ਵੱਧ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।