ਚੰਡੀਗੜ੍ਹ : ਪੰਜਾਬ ਸਿਵਲ ਸਕੱਤਰੇਤ ਦੀਆਂ ਸਮੂਹ ਐਸੋਸੀਏਸ਼ਨਾਂ ਦੀ ਜੁਆਇੰਟ ਐਕਸ਼ਨ ਕਮੇਟੀ ਵਲੋਂ ਬੀਤੇ ਦਿਨੀਂ ਕੀਤੀ ਗੇਟ ਰੈਲੀ ਦੌਰਾਨ ਕੈਪਟਨ ਸੰਦੀਪ ਸੰਧੂ, ਵਿਸ਼ੇਸ਼ ਕਾਰਜ ਅਫਸਰ/ਮੁੱਖ ਮੰਤਰੀ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੈਮੋਰੰਡਮ ਦਿੱਤਾ ਗਿਆ ਸੀ। ਇਸੇ ਅਧੀਨ ਕੈ. ਸੰਦੀਪ ਸੰਧੂ ਵਲੋਂ ਜੁਆਇੰਟ ਐਕਸ਼ਨ ਕਮੇਟੀ ਦੇ ਨੁਮਾਇੰਦਿਆਂ ਦੀ ਸੀਨੀਅਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਾਲ ਮੀਟਿੰਗ ਕਰਵਾਈ। ਬ੍ਰਹਮ ਮਹਿੰਦਰਾ ਵਲੋਂ ਜੁਆਇੰਟ ਐਕਸ਼ਨ ਕਮੇਟੀ ਦੇ ਨੁਮਾਇੰਦਿਆਂ ਨਾਲ ਉਨ੍ਹਾਂ ਦੀ ਮੰਗਾਂ ਸਬੰਧੀ ਚਰਚਾ ਕੀਤੀ ਅਤੇ ਕਿਹਾ ਕਿ ਉਹ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸੁਹਿਰਦ ਹਨ ਅਤੇ ਇਕ ਹਫਤੇ ਦੇ ਅੰਦਰ-ਅੰਦਰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਗਰੁੱਪ ਆਫ ਮਨਿਸਟਰਜ਼ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੰਗਾਂ ਪੂਰੀਆਂ ਕਰਨ ਸਬੰਧੀ ਮੀਟਿੰਗ ਦਾ ਸਮਾਂ ਦੇਣਗੇ ਤਾਂ ਜੋ ਪਿਛਲੇ ਲੰਮੇ ਸਮੇਂ ਤੋਂ ਮੁਲਾਜ਼ਮਾਂ ਦੀਆਂ ਪੈਂਡਿੰਗ ਮੰਗਾਂ ਦਾ ਗੰਭੀਰਤਾ ਨਾਲ ਹੱਲ ਕੀਤਾ ਜਾ ਸਕੇ।
ਯਾਦ ਰਹੇ ਕਿ ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਜਿਸ ‘ਚ ਮਨਿਸਟੀਰੀਅਲ ਕਾਮਿਆਂ ਦੀ ਵੱਡੀ ਜਥੇਬੰਦੀ ਪੀ. ਐੱਸ. ਐੱਮ. ਐੱਸ. ਯੂ. ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ. ਟੀ. ਵੱਲੋਂ ਮੁਕੰਮਲ ਕਲਮਛੋੜ/ਕੰਮ ਕਾਜ ਠੱਪ ਹੜਤਾਲ ਕਰ ਦਿੱਤੀ ਸੀ। ਉਸ ਸਮੇਂ ਸਰਕਾਰ ਵਲੋਂ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਤਿੰਨ ਮੰਤਰੀਆਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜੋ ਕਿ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਵਿਚਾਰ ਕਰਕੇ ਇਨ੍ਹਾਂ ਦੀ ਪੂਰਤੀ ਕਰੇਗੀ ਪਰ ਕੈਬਨਿਟ ਸਬ ਕਮੇਟੀ ਵਲੋਂ ਮੰਗਾਂ ਬਾਰੇ ਅਜੇ ਤੱਕ ਕੋਈ ਫੈਸਲਾ ਨਾ ਲਏ ਜਾਣ ਕਾਰਨ ਮੁਲਾਜ਼ਮਾਂ ‘ਚ ਰੋਸ ਹੈ। ਬ੍ਰਹਮ ਮਹਿੰਦਰਾ ਨੂੰ ਮਿਲਣ ਵਾਲੇ ਵਫ਼ਦ ‘ਚ ਗੁਰਪ੍ਰੀਤ ਸਿੰਘ ਗਰਚਾ ਸੰਯੁਕਤ ਜਨਰਲ ਸਕੱਤਰ, ਮਨਜੀਤ ਸਿੰਘ ਰੰਧਾਵਾ, ਸੁਸ਼ੀਲ ਕੁਮਾਰ, ਅਫਸਰ ਐਸੋਸੀਏਸ਼ਨ ਵਲੋਂ ਗੁਰਿੰਦਰ ਸਿੰਘ ਭਾਟੀਆ, ਭੀਮ ਸੇਨ ਗਰਗ, ਪ੍ਰਸ਼ੋਤਮ ਕੁਮਾਰ ਆਦਿ ਸ਼ਾਮਲ ਸਨ।