ਮਹਾਰਾਸ਼ਟਰ : ਬੰਨ੍ਹ ‘ਚ ਤਰੇੜ ਆਉਣ ਕਾਰਨ ਆਇਆ ਹੜ੍ਹ, 3 ਦੀ ਮੌਤ, 24 ਲਾਪਤਾ

ਮੁੰਬਈ — ਮੁੰਬਈ ‘ਚ ਭਾਰੀ ਬਾਰਿਸ਼ ਲੋਕਾਂ ਲਈ ਵੱਡੀ ਮੁਸੀਬਤ ਬਣ ਗਈ ਹੈ। ਬਾਰਿਸ਼ ਕਾਰਨ ਮੁੰਬਈ ਦੇ ਕਈ ਇਲਾਕਿਆਂ ‘ਚ ਹਾਦਸੇ ਵਾਪਰੇ, ਜਿਸ ਕਾਰਨ ਕਈ ਲੋਕਾਂ ਨੂੰ ਜਾਨ ਤੋਂ ਹੱਥ ਧੋਣੇ ਪਏ। ਮਹਾਰਾਸ਼ਟਰ ਦੇ ਕੋਂਕਣ ਖੇਤਰ ‘ਚ ਲਗਾਤਾਰ ਬਾਰਿਸ਼ ਤੋਂ ਬਾਅਦ ਇਕ ਬੰਨ੍ਹ ‘ਚ ਤਰੇੜ ਆਉਣ ਕਾਰਨ ਹੇਠਲੇ ਇਲਾਕਿਆਂ ਵਿਚ ਪੈਣ ਵਾਲੇ ਪਿੰਡਾਂ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਇਸ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ ਅਤੇ 24 ਲੋਕ ਲਾਪਤਾ ਹੋ ਗਏ ਹਨ।
ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਭਾਰੀ ਬਾਰਿਸ਼ ਤੋਂ ਬਾਅਦ ਰਤਨਾਗਿਰੀ ਜ਼ਿਲੇ ਦੇ ਤਿਵਾਰੇ ਬੰਨ੍ਹ ‘ਚ ਮੰਗਲਵਾਰ ਰਾਤ ਨੂੰ ਤਰੇੜ ਆ ਗਈ, ਜਿਸ ਕਾਰਨ ਪਾਣੀ ਭਰ ਗਿਆ। ਇਸ ਹਾਦਸੇ ਵਿਚ ਹੁਣ ਤਕ 3 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 24 ਲੋਕ ਅਜੇ ਵੀ ਲਾਪਤਾ ਹਨ। ਬੰਨ੍ਹ ਵਿਚ ਤਰੇੜ ਆਉਣ ਕਾਰਨ ਹੇਠਲੇ ਇਲਾਕਿਆਂ ਵਿਚ ਪੈਣ ਵਾਲੇ 7 ਪਿੰਡਾਂ ‘ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ ਅਤੇ ਘੱਟੋਂ-ਘੱਟ 12 ਮਕਾਨ ਵਹਿ ਗਏ ਹਨ। ਅਧਿਕਾਰੀਆਂ ਨੇ ਦੱਸਿਆ ਤਲਾਸ਼ੀ ਮੁਹਿੰਮ ਚੱਲ ਰਹੀ ਹੈ।