ਸ਼੍ਰੀਨਗਰ — ਜੰਮੂ-ਕਸ਼ਮੀਰ ਵਿਚ 4,694 ਤੀਰਥ ਯਾਤਰੀਆਂ ਦਾ ਨਵਾਂ ਜੱਥਾ ‘ਬਮ ਬਮ ਭੋਲੇ’ ਦੇ ਜੈਕਾਰਿਆਂ ਨਾਲ ਵੱਖ-ਵੱਖ ਆਧਾਰ ਕੈਂਪਾਂ ਤੋਂ ਬੁੱਧਵਾਰ ਸਵੇਰੇ ਸਖਤ ਸੁਰੱਖਿਆ ਦਰਮਿਆਨ ਪਵਿੱਤਰ ਅਮਰਨਾਥ ਗੁਫਾ ਲਈ ਰਵਾਨਾ ਹੋਇਆ। ਇਕ ਯਾਤਰਾ ਅਧਿਕਾਰੀ ਨੇ ਦੱਸਿਆ ਕਿ ਜੰਮੂ ਦੇ ਭਗਵਤੀ ਨਗਰ ਆਧਾਰ ਕੈਂਪ ਤੋਂ 412 ਔਰਤਾਂ, 9 ਬੱਚਿਆਂ ਅਤੇ 44 ਸਾਧੂਆਂ ਸਮੇਤ 2,642 ਯਾਤਰੀ ਪਹਿਲਗਾਮ ਮਾਰਗ ਅਤੇ 379 ਔਰਤਾਂ ਅਤੇ 23 ਸਾਧੂ-ਸਾਧਵੀਆਂ ਸਮੇਤ 2,052 ਯਾਤਰੀ ਬਾਲਟਾਲ ਮਾਰਗ ਲਈ ਬੱਸਾਂ ਅਤੇ ਹੋਰ ਛੋਟੇ ਵਾਹਨਾਂ ਤੋਂ ਰਵਾਨਾ ਹੋਏ। ਆਧਾਰ ਕੈਂਪ ਤੋਂ ਯਾਤਰੀਆਂ ਦੇ ਕੁੱਲ 142 ਵਾਹਨ ਰਵਾਨਾ ਹੋਏ।
ਉਨ੍ਹਾਂ ਨੇ ਦੱਸਿਆ ਕਿ ਔਰਤਾਂ ਅਤੇ ਸਾਧੂਆਂ ਸਮੇਤ 4500 ਤੀਰਥ ਯਾਤਰੀਆਂ ਦਾ ਨਵਾਂ ਜੱਥਾ ਨੁਨਵਾਨ ਪਹਿਲਗਾਮ ਕੈਂਪ ਤੋਂ ਚੰਦਨਵਾੜੀ ਲਈ ਰਵਾਨਾ ਹੋਇਆ। ਇਸ ਤੋਂ ਇਲਾਵਾ 7,000 ਯਾਤਰੀ ਬਾਲਟਾਲ ਆਧਾਰ ਕੈਂਪ ਤੋਂ ਰਵਾਨਾ ਹੋਏ। ਇਸ ਦਰਮਿਆਨ ਵੱਖ-ਵੱਖ ਥਾਵਾਂ ‘ਤੇ ਰਾਤ ਸਮੇਂ ਆਰਾਮ ਲਈ ਰੁੱਕੇ ਯਾਤਰੀ ਵੀ ਅੱਗੇ ਵਧਣ ਲੱਗੇ ਹਨ। ਦੋਹਾਂ ਪਾਸਿਓਂ ਹੈਲੀਕਾਪਟਰ ਸੇਵਾ ਵੀ ਆਮ ਰੂਪ ਨਾਲ ਜਾਰੀ ਹੈ। ਪਹਿਲੇ ਦੋ ਦਿਨ ਵਿਚ ਲੱਗਭਗ 20,000 ਲੋਕਾਂ ਨੇ ਸ਼ਿਵਲਿੰਗ ਦੇ ਦਰਸ਼ਨ ਕੀਤੇ। ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ‘ਤੇ ਰੁੱਕੇ ਲੱਗਭਗ 5,000 ਯਾਤਰੀਆਂ ਨੇ ਵੀ ਅੱਜ ਸਵੇਰੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ। ਦਰਸ਼ਨਾਂ ਤੋਂ ਬਾਅਦ ਯਾਤਰੀ ਆਪਣੇ-ਆਪਣੇ ਘਰਾਂ ਵੱਲ ਪਰਤਣ ਲੱਗੇ ਹਨ।