ਪਾਣੀ-ਪਾਣੀ ਮੁੰਬਈ, ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਸ਼ਿਵ ਸੈਨਾ, ਕਿਹਾ- ਲੋਕਾਂ ਤੋਂ ਮੰਗੇ ਮੁਆਫ਼ੀ

ਮੁੰਬਈ— ਭਾਰੀ ਬਾਰਿਸ਼ ਕਾਰਨ ਜਿੱਥੇ ਮੁੰਬਈ ਪਾਣੀ-ਪਾਣੀ ਹੋ ਗਈ, ਉੱਥੇ ਹੀ ਕਈ ਘਟਨਾਵਾਂ ਵੀ ਵਾਪਰੀਆਂ। ਮੁੰਬਈ ਅਤੇ ਪੁਣੇ ਵਿਚ ਭਾਰੀ ਬਾਰਿਸ਼ ਕਾਰਨ ਕੰਧ ਢਹਿਣ ਦੀਆਂ ਘਟਨਾਵਾਂ ਵਾਪਰੀਆਂ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਘਟਨਾਵਾਂ ਨੂੰ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਸੱਤਾਧਾਰੀ ਸ਼ਿਵ ਸੈਨਾ ਅਤੇ ਭਾਜਪਾ ਨੂੰ ਨਿਸ਼ਾਨੇ ‘ਤੇ ਲਿਆ ਹੈ। ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਅਸ਼ੋਕ ਚੌਹਾਨ ਨੇ ਦੋਸ਼ ਲਾਇਆ ਕਿ ਬਾਂਦਰਾ ਦੇ ਕਲਾ ਨਗਰ ਵਿਚ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਰਹਿੰਦੇ ਹਨ ਅਤੇ ਉੱਥੇ ਪਾਣੀ ਭਰਿਆ ਹੋਇਆ ਹੈ। ਇਸ ਲਈ ਬ੍ਰਿਹਨ ਮੁੰਬਈ ਨਗਰ ਨਿਗਮ (ਬੀ. ਐੱਮ. ਸੀ.) ਦੀ ਅਗਵਾਈ ਕਰਨ ਵਾਲੇ ਭਗਵਾ ਦਲ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ, ਜਿਸ ਦੀ ਵਜ੍ਹਾ ਕਰ ਕੇ ਸ਼ਹਿਰ ਵਿਚ ਲੋਕ ਡੁੱਬ ਰਹੇ ਹਨ। ਚੌਹਾਨ ਨੇ ਟਵੀਟ ਕਰ ਕੇ ਕਿਹਾ ਕਿ ਮਲਾਡ, ਕਲਿਆਣ, ਪੁਣੇ ਵਿਚ ਕੰਧ ਢਹਿਣ ਦੀਆਂ ਘਟਨਾਵਾਂ ‘ਚ 25 ਲੋਕਾਂ ਦੀ ਜਾਨ ਚਲੀ ਗਈ। ਮੁੰਬਈ ਵਿਚ ਸੜਕਾਂ ਵਹਿ ਗਈਆਂ। ਕੀ ਬਾਰਿਸ਼ ਦੇ ਨਾਲ-ਨਾਲ ਭ੍ਰਿਸ਼ਟਾਚਾਰ ਵੀ ਓਨਾਂ ਹੀ ਜ਼ਿੰਮੇਵਾਰ ਨਹੀਂ ਹੈ। ਸਰਕਾਰ ਇਸ ਭ੍ਰਿਸ਼ਟਾਚਾਰ ਲਈ ਜ਼ਿੰਮੇਵਾਰ ਸਾਰੇ ਲੋਕਾਂ ਨੂੰ ਕਲੀਨ ਚਿੱਟ ਦੇ ਸਕਦੀ ਹੈ। ਪਰ ਕੀ ਇਸ ਤੋਂ ਉਹ ਵਾਪਸ ਆ ਜਾਣਗੇ, ਜਿਨ੍ਹਾਂ ਦੀ ਮੌਤ ਹੋਈ ਹੈ। ਪਰ ਕੀ ਕੋਈ ਭਰੋਸਾ ਹੈ ਕਿ ਅਜਿਹੀਆਂ ਘਟਨਾਵਾਂ ਦੋਹਰਾਈਆਂ ਨਹੀਂ ਜਾਣਗੀਆਂ?
ਐੱਨ. ਸੀ. ਪੀ. ਨੇਤਾ ਧਨੰਜੈ ਮੁੰਡੇ ਨੇ ਵੀ ਸੱਤਾਧਾਰੀ ਸ਼ਿਵ ਸੈਨਾ-ਭਾਜਪਾ ਦੀ ਆਲੋਚਨਾ ਕੀਤੀ ਹੈ ਅਤੇ ਕੰਧ ਢਹਿਣ ਦੀਆਂ ਘਟਨਾਵਾਂ ਤੋਂ ਬਾਅਦ ਮੁੰਬਈ ਵਿਚ ਸੜਕਾਂ, ਪੁਲਾਂ ਅਤੇ ਇਮਾਰਤਾਂ ਦੀ ਮੁੜ ਨਿਰਮਾਣ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਦੋਹਾਂ ਪਾਰਟੀਆਂ ਨੇ ਵਾਅਦਾ ਕੀਤਾ ਸੀ ਕਿ ਮੁੰਬਈ ਵਿਚ ਹੁਣ ਪਾਣੀ ਨਹੀਂ ਭਰੇਗਾ। ਮੁੰਡੇ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਅਸੀਂ ਸਦਨ ਵਿਚ ਸ਼ਹਿਰ ਦੇ ਵੱਖ-ਵੱਖ ਢਾਂਚਿਆਂ ਦੇ ਨਿਰਮਾਣ ਦੀ ਮੰਗ ਕਰਾਂਗੇ ਪਰ ਅਜਿਹਾ ਤਾਂ ਹੀ ਸੰਭਵ ਹੈ, ਜੇਕਰ ਸੱਤਾਧਾਰੀ ਪਾਰਟੀ ਨੂੰ ਚੋਣਾਂ ਤੋਂ ਸਮਾਂ ਮਿਲੇ। ਓਧਰ ਸ਼ਿਵ ਸੈਨਾ ਨੇ ਮਲਾਡ ਹਾਦਸੇ ਦੇ ਪਿੱਛੇ ਬੀ. ਐੱਮ. ਸੀ. ਦੀ ਲਾਪ੍ਰਵਾਹੀ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਪਾਰਟੀ ਨੇਤਾ ਸੰਜੈ ਰਾਉਤ ਨੇ ਕਿਹਾ ਕਿ ਇਹ ਇਕ ਹਾਦਸਾ ਹੈ ਅਤੇ ਇਸ ਦੀ ਵਜ੍ਹਾ ਬੀ. ਐੱਮ. ਸੀ. ਦੀ ਨਾਕਾਮੀ ਨਹੀਂ ਹੈ। ਦੱਸਣਯੋਗ ਹੈ ਕਿ ਭਾਰੀ ਬਾਰਿਸ਼ ਕਾਰਨ ਮਲਾਡ ਦੇ ਕੁਰਾਰ ਇਲਾਕੇ ਵਿਚ ਕੰਧ ਡਿੱਗਣ ਕਾਰਨ ਹੋਏ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 18 ਪਹੁੰਚ ਚੁੱਕੀ ਹੈ। ਉੱਥੇ ਹੀ 60 ਤੋਂ ਵਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਦਾ ਮੁੰਬਈ ਦੇ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ।