ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਮਲੇਸ਼ੀਆ ਦੀ ਜੇਲ ‘ਚ ਬੰਦ ਪੰਜਾਬੀ ਨੌਜਵਾਨ ਦੀ ਵਾਪਸੀ ਲਈ ਕੇਂਦਰ ਸਰਕਾਰ ਦੇ ਦਖਲ ਦੀ ਅਪੀਲ ਕੀਤੀ ਹੈ। ਆਪਣੇ ਪੱਤਰ ‘ਚ ਮੁੱਖ ਮੰਤਰੀ ਨੇ ਵਿਦੇਸ਼ ਮੰਤਰੀ ਦਾ ਧਿਆਨ ਇਸ ਮਾਮਲੇ ਵੱਲ ਖਿੱਚਿਆ ਹੈ। ਬਠਿੰਡਾ ਦੀ ਫੂਲ ਤਹਿਸੀਲ ਦੇ ਪਿੰਡ ਗੁਮਟੀਕਲਾਂ ਦਾ ਹਰਬੰਸ ਸਿੰਘ ਮਲੇਸ਼ੀਆ ਪੁਲਸ ਦੀ ਹਿਰਾਸਤ ‘ਚ ਹੈ। ਉਨ੍ਹਾਂ ਦੇ ਪਰਿਵਾਰ ਅਨੁਸਾਰ ਹਰਬੰਸ ਅਗਸਤ 2018 ‘ਚ ਟੂਰਿਸਟ ਵੀਜ਼ਾ ‘ਤੇ ਮਲੇਸ਼ੀਆ ਗਿਆ ਸੀ। ਉਥੇ ਹਰਬੰਸ ਸਿੰਘ ਨੂੰ ਕਿਸ ਆਧਾਰ ‘ਤੇ ਹਿਰਾਸਤ ‘ਚ ਲਿਆ ਗਿਆ ਹੈ, ਇਸ ਬਾਰੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਹੈ। ਮੁੱਖ ਮੰਤਰੀ ਨੇ ਹਰਬੰਸ ਦੇ ਆਧਾਰ ਕਾਰਡ, ਪਛਾਣ ਪੱਤਰ ਅਤੇ ਭਾਰਤੀ ਨਾਗਰਿਕਤਾ ਪ੍ਰਮਾਣ ਆਦਿ ਦੀਆਂ ਕਾਪੀਆਂ ਵਿਦੇਸ਼ ਮੰਤਰਾਲੇ ਨੂੰ ਜਮ੍ਹਾ ਕਰਵਾਉਂਦੇ ਹੋਏ ਉਸ ਦੀ ਰਿਹਾਈ ਲਈ ਜਲਦ ਕੋਸ਼ਿਸ਼ ਕਰਨ ਦੀ ਅਪੀਲ ਕੀਤੀ ਹੈ।