ਰਾਜ ਸਭਾ ‘ਚ ਵੀ ਬਦਲੇਗੀ ਸਥਿਤੀ, ਬਹੁਮਤ ਦੇ ਨੇੜੇ ਪੁੱਜਿਆ ਐੱਨ.ਡੀ.ਏ.

ਨਵੀਂ ਦਿੱਲੀ— ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਨੂੰ ਹੁਣ ਰਾਜ ਸਭਾ ‘ਚ ਵੀ ਬੜ੍ਹਤ ਮਿਲੀ ਹੈ। ਤੇਲੁਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਦੇ ਚਾਰ ਅਤੇ ਇੰਡੀਅਨ ਨੈਸ਼ਨਲ ਲੋਕਦਲ (ਆਈ.ਐੱਨ.ਐੱਲ.ਡੀ.) ਦੇ ਇਕ ਸੰਸਦ ਮੈਂਬਰ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਐੱਨ.ਡੀ.ਏ. ਦਾ ਦਬਦਬਾ ਇੱਥੇ ਵੀ ਵਧ ਗਿਆ ਹੈ। ਰਾਜ ਸਭਾ ‘ਚ ਹਾਲੇ ਤੱਕ ਮੋਦੀ ਸਰਕਾਰ ਨੂੰ ਬਿੱਲ ਪਾਸ ਕਰਵਾਉਣ ‘ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇੱਥੇ ਤੱਕ ਕਿ ਕਈ ਬਿੱਲ ਬਹੁਮਤ ਨਾ ਹੋਣ ਕਾਰਨ ਸਰਕਾਰ ਪਾਸ ਨਹੀਂ ਕਰਵਾ ਸਕੀ ਪਰ ਇੱਥੇ ਵੀ ਹੁਣ ਸਥਿਤੀ ਬਦਲਣ ਵਾਲੀ ਹੈ। 235 ਮੈਂਬਰਾਂ ‘ਚੋਂ ਰਾਜ ਸਭਾ ‘ਚ ਐਤਵਾਰ ਤੱਕ ਐੱਨ.ਡੀ.ਏ. ਦੇ 111 ਮੈਂਬਰ ਹੋ ਗਏ ਹਨ। ਹਾਲੇ 10 ਸੀਟਾਂ ਖਾਲੀ ਹਨ। ਜਿਨ੍ਹਾਂ ‘ਚੋਂ 4 ਸੰਸਦ ਮੈਂਬਰ 5 ਜੁਲਾਈ ਤੱਕ ਐੱਨ.ਡੀ.ਏ. ਦੇ ਚੁਣ ਕੇ ਆਉਣ ਦੀ ਸੰਭਾਵਨਾ ਹੈ। ਇਸ ੇਦ ਨਾਲ ਹੀ ਇਹ ਅੰਕੜਾ 115 ਹੋ ਜਾਵੇਗਾ। ਕੁੱਲ 241 ਮੈਂਬਰਾਂ ਦੀ ਗਿਣਤੀ ‘ਚ 115 ਸੰਸਦ ਮੈਂਬਰਾਂ ਦੇ ਅੰਕੜੇ ਦਾ ਅਰਥ ਹੈ ਕਿ ਐੱਨ.ਡੀ.ਏ। ਕੋਲ ਬਹੁਮਤ ਤੋਂ ਸਿਰਫ 6 ਸੰਸਦ ਮੈਂਬਰ ਘੱਟ ਰਹਿਣਗੇ। ਜੇਕਰ ਰਾਜ ਸਭਾ ‘ਚ ਕੁੱਲ 245 ਸੰਸਦ ਮੈਂਬਰ ਹੋ ਜਾਂਦੇ ਹਨ ਤਾਂ ਐੱਨ.ਡੀ.ਏ. ਨੂੰ ਆਪਣੇ ਦਮ ‘ਤੇ 123 ਸੰਸਦ ਮੈਂਬਰਾਂ ਦੀ ਲੋੜ ਹੋਵੇਗੀ।
ਹਾਲਾਂਕਿ ਮੌਜੂਦਾ ਸਮੇਂ ਰਾਜ ਸਭਾ ‘ਚ ਜੇਕਰ ਸਰਕਾਰ ਨੂੰ ਗੈਰ-ਯੂ.ਪੀ.ਏ. ਦਲ ਵਰਗੇ ਟੀ.ਆਰ.ਐੱਸ., ਬੀ.ਜੇ.ਡੀ. ਅਤੇ ਵਾਈ.ਐੱਸ.ਆਰ.ਸੀ.ਪੀ. ਦਾ ਸਾਥ ਮਿਲਦਾ ਹੈ ਤਾਂ ਉਸ ਲਈ ਕਿਸੇ ਵੀ ਬਿੱਲ ਨੂੰ ਪਾਸ ਕਰਵਾਉਣਾ ਔਖਾ ਨਹੀਂ ਹੋਵੇਗਾ। ਰਾਜ ਸਭਾ ਦੀਆਂ 6 ਸੀਟਾਂ ‘ਤੇ 5 ਜੁਲਾਈ ਨੂੰ ਚੋਣਾ ਹੋਣੀਆਂ ਹਨ। ਇਨ੍ਹਾਂ ‘ਚੋਂ ਇਕ ‘ਤੇ ਭਾਜਪਾ ਦੀ ਸਹਿਯੋਗੀ ਲੋਜਪਾ ਚੇਅਰਮੈਨ ਅਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਬਿਨਾਂ ਵਿਰੋਧ ਚੁਣੇ ਜਾ ਚੁਕੇ ਹਨ। ਇਸ ਤੋਂ ਇਲਾਵਾ ਗੁਜਰਾਤ ਦੀਆਂ 2 ਸੀਟਾਂ ਭਾਜਪਾ ਦੇ ਖਾਤੇ ‘ਚ ਜਾਂਦੀਆਂ ਦਿੱਸ ਰਹੀਆਂ ਹਨ। ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਸਮਰਿਤੀ ਇਰਾਨੀ ਦੇ ਰਾਜ ਸਭਾ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਇਹ ਸੀਟਾਂ ਖਾਲੀ ਹੋਈਆਂ ਹਨ। ਓਡੀਸ਼ਾ ‘ਚ ਤਿੰਨ ਸੀਟਾਂ ‘ਤੇ ਚੋਣਾਂ ਹੋ ਰਹੀਆਂ ਹਨ, ਇਨ੍ਹਾਂ ‘ਚੋਂ ਇਕ ਭਾਜਪਾ ਦੇ ਹਿੱਸੇ ‘ਚ ਜਾ ਸਕਦੀ ਹੈ।