ਭਾਰੀ ਬਰਫ਼ਬਾਰੀ ਕਾਰਨ ਅਮਰਨਾਥ ਯਾਤਰਾ ਰੁਕੀ

ਸ਼੍ਰੀਨਗਰ— ਸਖਤ ਸੁਰੱਖਿਆ ਦਰਮਿਆਨ ਸੋਮਵਾਰ ਨੂੰ ਸ਼ੁਰੂ ਹੋਈ ਅਮਰਨਾਥ ਦੀ ਪਵਿੱਤਰ ਯਾਤਰਾ ਨੂੰ ਰੋਕਣਾ ਪਿਆ। ਲਗਾਤਾਰ ਹੋ ਰਹੀ ਭਾਰੀ ਬਰਫ਼ਬਾਰੀ ਕਾਰਨ ਹੈਲੀਕਾਪਟਰ ਸੇਵਾ ਵੀ ਰੋਕਣੀ ਪਈ। ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ ਰਵਾਨਾ ਹੋਏ ਜੱਥੇ ‘ਚੋਂ ਕੁਝ ਲੋਕ ਤਾਂ ਬਾਬਾ ਬਰਫਾਨੀ ਦੀ ਗੁਫਾ ਵੱਲ ਵਧ ਗਏ ਹਨ ਪਰ ਕੁਝ ਨੂੰ ਬਰਫਬਾਰੀ ਕਾਰਨ ਰਸਤੇ ‘ਚ ਹੀ ਰੁਕਣਾ ਪਿਆ। ਜ਼ਿਕਰਯੋਗ ਹੈ ਕਿ ਆਧਾਰ ਕੰਪਲੈਕਸ ਤੋਂ ਸੋਮਵਾਰ ਨੂੰ ਪਵਿੱਤਰ ਗੁਫ਼ਾ ਲਈ ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ ਕੀਤਾ ਗਿਆ।
ਅਨੰਤਨਾਗ ਦੇ ਡੀ.ਸੀ. ਜਹਾਂਗੀਰ ਰਸ਼ੀਦ ਅਤੇ ਹੋਰ ਅਧਿਕਾਰੀਆਂ ਨੇ ਸਵੇਰੇ 5.30 ਵਜੇ ਪਹਿਲਗਾਮ ਦੇ ਨੂਨਵਨ ਬੇਸ ਕੈਂਪ ਤੋਂ ਸ਼ਰਧਾਲੂਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਪੂਰਾ ਆਧਾਰ ਕੰਪਲੈਕਸ ਬਾਬਾ ਦੇ ਜੈਕਾਰਿਆਂ ਨਾਲ ਗੂੰਜ ਗਿਆ। ਪੂਰੇ ਦੇਸ਼ ਤੋਂ ਹਾਲੇ ਤੱਕ ਕਰੀਬ 1.5 ਲੱਖ ਸ਼ਰਧਾਲੂ ਅਮਰਨਾਥ ਯਾਤਰਾ ਲਈ ਰਜਿਸਟਰੇਸ਼ਨ ਕਰਵਾ ਚੁਕੇ ਹਨ। 46 ਦਿਨ ਦੀ ਇਹ ਯਾਤਰਾ 15 ਅਗਸਤ ਨੂੰ ਸੰਪੰਨ ਹੋਵੇਗੀ। ਯਾਤਰਾ ਦੋਹਾਂ ਮਾਰਗਾਂ ਤੋਂ ਸੋਮਵਾਰ ਨੂੰ ਸ਼ੁਰੂ ਕੀਤੀ ਗਈ। ਪਹਿਲਗਾਮ ਦਾ ਰਵਾਇਤੀ ਮਾਰਗ ਜਿੱਥੇ 36 ਕਿਲੋਮੀਟਰ ਲੰਬਾ ਹੈ, ਉੱਥੇ ਹੀ ਗਾਂਧਰਬਲ ਦਾ ਬਾਲਟਾਲ ਮਾਰਗ ਸਿਰਫ਼ 14 ਕਿਲੋਮੀਟਰ ਲੰਬਾ ਹੈ। ਯਾਤਰੀ ਜ਼ਿਆਦਾਤਰ ਪਹਿਲਗਾਮ ਤੋਂ ਯਾਤਰਾ ਕਰਦੇ ਹਨ ਪਰ ਦੋਹਾਂ ਹੀ ਮਾਰਗਾਂ ‘ਤੇ ਸੁਰੱਖਿਆ ਸਖਤ ਰਹਿੰਦੀ ਹੈ।