ਬਾਰਿਸ਼ ਨੇ ਰੋਕੀ ਮੁੰਬਈ ਦੀ ਰਫਤਾਰ, ਸੜਕਾਂ ‘ਤੇ ਲੱਗਾ ਜਾਮ, ਹਰ ਕੋਈ ਪਰੇਸ਼ਾਨ

ਮੁੰਬਈ— ਮੁੰਬਈ ‘ਚ ਭਾਰੀ ਬਾਰਿਸ਼ ਦੀ ਵਜ੍ਹਾ ਕਰ ਕੇ ਇਕ ਵਾਰ ਫਿਰ ਲੋਕਾਂ ਦੀ ਮੁਸੀਬਤ ਵਧ ਗਈ ਹੈ। ਕਈ ਥਾਵਾਂ ‘ਤੇ ਸੜਕਾਂ ਪਾਣੀ ਨਾਲ ਭਰ ਗਈਆਂ ਹਨ ਅਤੇ ਕੁਝ ਇਲਾਕਿਆਂ ‘ਚ ਲੋਕਾਂ ਦੇ ਘਰਾਂ ‘ਚ ਪਾਣੀ ਭਰ ਗਿਆ ਹੈ। ਭਾਰੀ ਬਾਰਿਸ਼ ਕਾਰਨ ਮੁੰਬਈ ਪੁਣੇ ਟਰੇਨ ਸੇਵਾ ਵੀ ਪ੍ਰਭਾਵਿਤ ਹੋਈ ਹੈ। ਕਈ ਟਰੇਨਾਂ ਨੂੰ ਰੱਦ ਕਰਨਾ ਪਿਆ ਹੈ। ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਮੁੰਬਈ-ਅਹਿਮਦਾਬਾਦ ਸ਼ਤਾਬਦੀ ਐਕਸਪ੍ਰੈੱਸ ਸਮੇਤ ਕਈ ਟਰੇਨਾਂ ਦਾ ਜਾਂ ਤਾਂ ਸਮਾਂ ਬਦਲਿਆ ਗਿਆ ਹੈ ਜਾਂ ਉਨ੍ਹਾਂ ਨੂੰ ਰੱਦ ਕੀਤਾ ਗਿਆ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦੋ ਦਿਨਾਂ ਵੀ ਬਾਰਿਸ਼ ਤੋਂ ਰਾਹਤ ਮਿਲਣ ਦੇ ਆਸਾਰ ਨਹੀਂ ਹਨ। ਮੁੰਬਈ ਦੇ ਦਾਦਰ ਈਸਟ ਇਲਾਕੇ ਵਿਚ ਭਾਰੀ ਬਾਰਿਸ਼ ਕਾਰਨ ਸਕੂਲ ਜਾਣ ਵਾਲੇ ਰਸਤਿਆਂ ‘ਚ ਪਾਣੀ ਭਰ ਗਿਆ ਹੈ, ਜਿਸ ਕਾਰਨ ਵਿਦਿਆਰਥੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਵਿਦਿਆਰਥੀਆਂ ਨੂੰ ਗੋਡਿਆਂ ਤਕ ਪਾਣੀ ਤੋਂ ਹੁੰਦੇ ਹੋਏ ਸਕੂਲ ਜਾਣਾ ਪਿਆ।
ਬਾਰਿਸ਼ ਕਾਰਨ ਬਾਂਦਰਾ ਇਲਾਕੇ ਵਿਚ ਟ੍ਰੈਫਿਕ ਪ੍ਰਭਾਵਿਤ ਹੋਇਆ ਹੈ। ਦਾਦਰ ਤੋਂ ਸਾਯਨਾ ਦੇ ਰਸਤੇ ‘ਤੇ ਟ੍ਰੈਫਿਕ ਜਾਮ ਹੈ, ਵਡਾਲਾ ‘ਚ ਵੀ ਟ੍ਰੈਫਿਕ ਜਾਮ ਹੈ ਅਤੇ ਕਿੰਗ ਸਰਕਿਲ ‘ਤੇ ਪਿਛਲੇ 2 ਘੰਟਿਆਂ ਤੋਂ ਟ੍ਰੈਫਿਕ ਜਾਮ ਹੈ। ਸੋਮਵਾਰ ਸਵੇਰ ਤੋਂ ਜਾਰੀ ਬਾਰਿਸ਼ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੇ ਘਰਾਂ ਅੰਦਰ ਪਾਣੀ ਵੜ ਗਿਆ ਹੈ।
ਹਿੰਦਮਾਤਾ, ਸਾਯਨ, ਅੰਧੇਰੀ, ਕੁਰਲਾ, ਕਿੰਗ ਸਰਕਲ ਏਰੀਆ ਅਤੇ ਚੈਂਬੂਰ ਇਲਾਕਿਆਂ ‘ਚ ਭਾਰੀ ਬਾਰਿਸ਼ ਹੋਈ ਹੈ, ਜਿਸ ਕਾਰਨ ਹਰ ਥਾਂ ਪਾਣੀ-ਪਾਣੀ ਹੋ ਗਿਆ ਹੈ। ਬਾਰਿਸ਼ ਕਾਰਨ ਮੁੰਬਈ ਲੋਕਲ ਸੇਵਾ ਵੀ ਪ੍ਰਭਾਵਿਤ ਹੋਈ ਹੈ, ਲੋਕਲ ਦੀ ਵੈਸਟਰਨ ਰੇਲਵੇ ਲਾਈਨ ਠੱਪ ਹੋ ਗਈ ਹੈ। ਇਸ ਟਰੈੱਕ ‘ਤੇ ਸਫਰ ਕਰਨ ਵਾਲਿਆਂ ਦੀ ਗਿਣਤੀ 20 ਲੱਖ ਤੋਂ ਜ਼ਿਆਦਾ ਹੈ। ਸਵੇਰ ਦਾ ਸਮਾਂ ਹੋਣ ਕਾਰਨ ਮੁਸਾਫਰਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।