ਸਹਾਰਨਪੁਰ — ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਤੈਅ ਟੀਚੇ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਸਰਕਾਰ ਤੇਜ਼ੀ ਨਾਲ ਕੰਮ ਕਰ ਰਹੀ ਹੈ ਅਤੇ ਹੁਣ ਤਕ 24 ਲੱਖ ਘਰ ਬਣ ਕੇ ਤਿਆਰ ਹੋ ਚੁੱਕੇ ਹਨ। ਯੋਗੀ ਨੇ ਐਤਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਸਾਲ 2022 ਤਕ ਇਸ ਯੋਜਨਾ ਅਧੀਨ ਹਰੇਕ ਗਰੀਬ ਦੇ ਸਿਰ ‘ਤੇ ਛੱਤ ਦਾ ਨਰਿੰਦਰ ਮੋਦੀ ਦਾ ਸੁਪਨਾ ਪੂਰਾ ਕਰਾਂਗੇ। ਉਮੀਦ ਹੈ ਕਿ ਤੈਅ ਸਮੇਂ ਤੋਂ ਪਹਿਲਾਂ ਇਸ ਕੰਮ ਨੂੰ ਪੂਰਾ ਕਰ ਲਿਆ ਜਾਵੇਗਾ। ਯੋਗੀ ਨੇ ਦੱਸਿਆ ਕਿ ਪ੍ਰਦੇਸ਼ ਵਿਚ ਹੁਣ ਤਕ 1 ਕਰੋੜ 60 ਲੱਖ ਵਿਅਕਤੀਗਤ ਟਾਇਲਟ ਉਪਲੱਬਧ ਕਰਵਾਏ ਜਾ ਚੁੱਕੇ ਹਨ ਅਤੇ ਜੋ ਪਰਿਵਾਰ ਰਹਿ ਗਏ ਹਨ ਉਨ੍ਹਾਂ ਨੂੰ 15 ਜੁਲਾਈ ਤਕ ਘਰ ਉਪਲੱਬਧ ਕਰਵਾ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਹਾਰਨਪੁਰ ਵਿਚ ਯੂਨੀਵਰਸਿਟੀ ਬਣਾਉਣ ਦੀ ਮੰਗ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਯੂਨੀਵਰਸਿਟੀ ਬਣਾਉਣ ਦਾ ਕੰਮ ਸ਼ੁਰੂ ਕਰਨ ਲਈ ਜ਼ਿਲਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਗਏ ਹਨ। ਓਧਰ ਗੰਨਾ ਕਿਸਾਨਾਂ ਦਾ ਪਿਛਲਾ ਭੁਗਤਾਨ ਕੀਤਾ ਜਾ ਚੁੱਕਾ ਹੈ। ਸੂਬੇ ਦੀਆਂ 119 ਚੀਨੀ ਮਿੱਲਾਂ ‘ਚ ਰਿਕਾਰਡ ਮਾਤਰਾ ‘ਚ ਚੀਨੀ ਦਾ ਉਤਪਾਦਨ ਹੋਇਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਰਿਵਾਇਤੀ ਉੱਦਮ ਨਾਲ ਅਜੇ ਤਕ 491 ਹਜ਼ਾਰ ਲੋਕਾਂ ਨੂੰ ਰੋਜ਼ਗਾਰ ਨਾਲ ਜੋੜਨ ਵਿਚ ਸਫਲਤਾ ਪ੍ਰਾਪਤ ਹੋਈ ਹੈ।