ਜਲੰਧਰ — ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਵੱਲੋਂ ਅੱਜ ਜਲੰਧਰ ‘ਚ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਸ਼ਵੇਤ ਮਲਿਕ ਨੇ ਕਿਹਾ ਕਿ ਭਾਜਪਾ ਵੱਲੋਂ 6 ਜੁਲਾਈ ਤੋਂ ਸੂਬੇ ‘ਚ ਪਠਾਨਕੋਟ ਤੋਂ ਸ਼ਾਮਾ ਪ੍ਰਸਾਦ ਮੁਖਰਜੀ ਦੀ ਜਯੰਤੀ ‘ਤੇ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ। ਸ਼ਵੇਤ ਮਲਿਕ ਨੇ ਦੱਸਿਆ ਕਿ ਸੂਬੇ ‘ਚ 2 ਲੱਖ ਹੋਰ ਮੈਂਬਰ ਬਣਾਉਣ ਦਾ ਮਕਸਦ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਲੋਕ ਸਭਾ ਚੋਣਾਂ ਦੌਰਾਨ ਵੋਟ ਬੈਂਕ ਕਾਫੀ ਵਧਿਆ ਹੈ। ਇਸ ਵਾਰ ਡਿਜ਼ੀਟਲ ਤਰੀਕੇ ਨਾਲ ਪਾਰਟੀ ਦੇ ਮੈਂਬਰ ਬਣਨਗੇ ਅਤੇ ਮੋਬਾਇਲ ‘ਤੇ ਮਿਸਡ ਕਾਲ ਦੇ ਜ਼ਰੀਏ ਲੋਕ ਪਾਰਟੀ ਦੇ ਮੈਂਬਰ ਬਣ ਸਕਦੇ ਹਨ। ਉਥੇ ਹੀ ਜਲਿਆਂਵਾਲਾ ਬਾਗ ‘ਚ ਇਤਿਹਾਸਕ ਖੂਹ ਢਾਹੁਣ ਨੂੰ ਲੈ ਕੇ ਵਿਰੋਧੀਆਂ ਵੱਲੋਂ ਕੀਤੇ ਗਏ ਵਿਰੋਧ ‘ਤੇ ਬੋਲਦੇ ਹੋਏ ਸ਼ਵੇਤ ਮਲਿਕ ਨੇ ਕਿਹਾ ਕਿ ਇਤਿਹਾਸਕ ਖੂਹ ਦੇ ਪੁਰਾਤਨ ਢਾਂਚੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਛੇੜਛਾੜ ਨਹੀਂ ਕੀਤੀ ਗਈ, ਸਗੋਂ ਦੋਵੇਂ ਪਾਸਿਓਂ ਤੋਂ ਉਸ ਦੇ ਨਾਲ ਲੱਗਦੇ ਹਿੱਸਿਆਂ ‘ਚ ਕੇਂਦਰ ਸਰਕਾਰ ਵੱਲੋਂ 20 ਕਰੋੜ ਦੀ ਲਾਗਤ ਨਾਲ ਉਸ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤਾਂ ਖੁਦ ਇਸ ਬਾਰੇ ਕੁਝ ਨਹੀਂ ਕਰ ਸਕੀ। ਕੇਂਦਰ ਸਰਕਾਰ ਵੱਲੋਂ ਸ਼ਹੀਦੀ ਖੂਹ ਦੇ ਪੁਰਾਤਨ ਢਾਂਚੇ ਨੂੰ ਨਵਾਂ ਰੂਪ ਦੇਣ ਲਈ 20 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ, ਜਿਸ ਨੂੰ ਲੈ ਕੇ ਕੰਮ ਚੱਲ ਰਿਹਾ ਹੈ। ਨਸ਼ੇ ਦੇ ਮੁੱਦੇ ਨੂੰ ਲੈ ਕੇ ਕਾਂਗਰਸ ‘ਤੇ ਨਿਸ਼ਾਨਾ ਲਗਾਉਂਦੇ ਹਨ ਸ਼ਵੇਤ ਮਲਿਕ ਨੇ ਕਿਹਾ ਕਿ ਸੂਬੇ ‘ਚ ਨਸ਼ੇ ਦਾ ਚਲਣ ਕਾਫੀ ਵੱਧ ਗਿਆ ਹੈ। ਨਸ਼ਿਆਂ ਦੀ ਓਵਰਡੋਜ਼ ਕਾਰਨ ਲੋਕ ਮੌਤ ਦੇ ਮੂੰਹ ‘ਚ ਜਾ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਕਾਂਗਰਸੀ ‘ਚ ਆਪਸੀ ਫੁਟ ਪੈ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੌਮੀ ਲੀਡਰਸ਼ਿਪ ਸੂਬੇ ‘ਚ ਆਪਣੇ ਹੀ ਮੁੱਖ ਮੰਤਰੀਆਂ ਖਿਲਾਫ ਕਿਸੇ ਹੋਰ ਮੰਤਰੀ ਨੂੰ ਲੜਾ ਰਹੀ ਹੈ।