ਵਿਕਾਸ ਕਤਲਕਾਂਡ ਮਾਮਲੇ ਦੀ ਜਾਂਚ ਲਈ ਐੱਸ. ਆਈ. ਟੀ. ਗਠਿਤ

ਚੰਡੀਗੜ੍ਹ—ਫਰੀਦਾਬਾਦ ‘ਚ ਕਾਂਗਰਸ ਦੇ ਬੁਲਾਰੇ ਵਿਕਾਸ ਚੌਧਰੀ ਕਤਲਕਾਂਡ ਮਾਮਲੇ ‘ਚ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਹਰਿਆਣਾ ਪੁਲਸ ਸਖਤ ਕਦਮ ਚੁੱਕ ਰਹੀ ਹੈ। ਮਾਮਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਹਰਿਆਣਾ ਪੁਲਸ ਦੇ ਡਾਇਰੈਕਟਰ ਜਨਰਲ ਮਨੋਜ ਯਾਦਵ ਨੇ ਇਸ ਮਾਮਲੇ ‘ਚ ਐੱਸ. ਆਈ. ਟੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਹੁਣ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ ਆਈ ਟੀ) ਇਸ ਮਾਮਲੇ ਦੀ ਜਾਂਚ ਅੱਗੇ ਵਧਾਏਗੀ।
ਇਹ ਐੱਸ. ਆਈ. ਟੀ. ਫਰੀਦਾਬਾਦ ਦੇ ਕਮਿਸ਼ਨਰ ਆਫ ਪੁਲਸ ਸੰਜੈ ਕੁਮਾਰ ਦੀ ਨਿਗਰਾਨੀ ‘ਚ ਕੰਮ ਕਰੇਗੀ। ਇਸ ਐੱਸ. ਆਈ. ਟੀ. ‘ਚ ਪਲਵਲ ਦੇ ਐੱਸ. ਪੀ. ਨਰਿੰਦਰ ਬਿਜਰਨੀਆ, ਫਰੀਦਾਬਾਦ ਦੇ ਏ. ਸੀ. ਪੀ. ਅਨਿਲ ਯਾਦਵ, ਗੁਰੂਗ੍ਰਾਮ ਦਾ ਇੰਸਪੈਕਟਰ ਨਰਿੰਦਰ ਚੌਹਾਨ ਅਤੇ ਰੇਵਾੜੀ ਦੇ ਇੰਸਪੈਕਟਰ ਆਨੰਦ ਯਾਦਵ ਵੀ ਸ਼ਾਮਲ ਹੋਣਗੇ। ਇਹ ਐੱਸ. ਆਈ. ਟੀ. ਜਲਦ ਹੀ ਕੇਸ ਦੀ ਫਾਇਲ ਆਪਣੇ ਅਧੀਨ ਲਵੇਗੀ ਅਤੇ ਜਾਂਚ ਨੂੰ ਅੱਗੇ ਵਧਾਏਗੀ।
ਡੀ. ਜੀ. ਪੀ. ਮਨੋਜ ਯਾਦਵ ਅਨੁਸਾਰ ਪੁਲਸ ਇਸ ਕੇਸ ਨੂੰ ਜਲਦ ਤੋਂ ਜਲਦ ਸੁਲਝਾ ਦੇਵੇਗੀ। ਉਨ੍ਹਾਂ ਅਨੁਸਾਰ ਹੁਣ ਇਸ ਮਾਮਲੇ ‘ਚ ਇੱਕ ਮਹਿਲਾ ਸਮੇਤ 2 ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਦਕਿ ਹੋਰ ਦੋਸ਼ੀਆਂ ਨੂੰ ਵੀ ਇਸ ‘ਚ ਜਲਦ ਕਾਬੂ ਕੀਤਾ ਜਾਵੇਗਾ। ਇਹ ਐੱਸ. ਆਈ. ਟੀ. ਰੋਜ਼ਾਨਾ ਆਪਣੀ ਜਾਂਚ ਰਿਪੋਰਟ ਨੂੰ ਕੰਪਾਇਲ ਕਰੇਗੀ ਅਤੇ ਹਫਤੇ ਬਾਅਦ ਸਟੇਟਸ ਤੋਂ ਜਾਣੂ ਕਰਵਾਏਗੀ। ਹੁਣ ਤੱਕ ਜਿਨ੍ਹਾਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ, ਉਨ੍ਹਾਂ ‘ਚੋ ਗੁਰੂਗ੍ਰਾਮ ਨਿਵਾਸੀ ਨਰੇਸ਼ ਅਤੇ ਰੋਸ਼ਨੀ ਸ਼ਾਮਲ ਹਨ। ਇਨ੍ਹਾਂ ਦੋਵਾਂ ਦੇ ਖਿਲਾਫ ਪੁਲਸ ਕੋਲ ਕਾਫੀ ਸਬੂਤ ਹਨ, ਜਿਨ੍ਹਾਂ ਦੇ ਆਧਾਰ ‘ਤੇ ਇਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ।