ਮੋਹਾਲੀ — ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਲਈ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਸਰਕਾਰੀ ਹਸਪਤਾਲਾਂ ਵਿਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਨ੍ਹਾਂ ਨੂੰ ਵਾਜਬ ਰੇਟਾਂ ‘ਤੇ ਲੋੜੀਂਦੀਆਂ ਦਵਾਈਆਂ ਉਪਲਬਧ ਹੋ ਸਕਣ । ਉਕਤ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਦਾਇਗੀ ਕਾਰਨ ਹਸਪਤਾਲਾਂ ਵਿਚ ਦਵਾਈਆਂ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਸਖਤ ਨੋਟਿਸ ਲੈਂਦਿਆਂ ਕੀਤਾ। ਉਹ ਅੱਜ ਇਥੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਫੇਜ਼-6 ਵਿਚ ਸਥਿਤ ਦਫਤਰ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਡਾਕਟਰਾਂ ਨਾਲ ਮੀਟਿੰਗ ਕਰ ਰਹੇ ਸਨ।
ਕੈਬਨਿਟ ਮੰਤਰੀ ਸਿੱਧੂ ਨੇ ਮੀਟਿੰਗ ਵਿਚ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਵਿਭਾਗ ਦੇ ਤਿੰਨੇ ਡਰੱਗ ਵੇਅਰ ਹਾਊਸਿਜ਼ ਵਿਚ ਮੌਜੂਦ ਦਵਾਈਆਂ ਦੇ ਸਟਾਕ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਅਧਿਕਾਰੀਆਂ ਤੋਂ ਜਿਥੇ ਸਟਾਕ ਵਿਚ ਉਪਲਬਧ ਦਵਾਈਆਂ ਦਾ ਵੇਰਵਾ ਲਿਆ ਉਥੇ ਹੀ ਉਹ ਦਵਾਈਆਂ, ਜਿਨ੍ਹਾਂ ਦੀ ਸਟਾਕ ਵਿਚ ਘਾਟ ਹੈ, ਬਾਰੇ ਵੀ ਰਿਪੋਰਟ ਹਾਸਲ ਕੀਤੀ। ਨਾਲ ਹੀ ਉਨ੍ਹਾਂ ਮੀਟਿੰਗ ਵਿਚ ਮੌਜੂਦ ਡਾਕਟਰਾਂ ਤੋਂ ਉਨ੍ਹਾਂ ਦੇ ਹਸਪਤਾਲਾਂ ਵਿਚ ਉਪਲਬਧ ਦਵਾਈਆਂ ਅਤੇ ਦੇਰ ਨਾਲ ਸਪਲਾਈ ਹੋਣ ਵਾਲੀਆਂ ਦਵਾਈਆਂ ਬਾਰੇ ਵੀ ਵਿਸਥਾਰਪੂਰਵਰ ਜਾਣਕਾਰੀ ਲਈ। ਉਨ੍ਹਾਂ ਦਵਾਈਆਂ ਦੀ ਸਪਲਾਈ ਵਿਚ ਦੇਰੀ ਦੇ ਕਾਰਨਾਂ ‘ਤੇ ਨਜ਼ਰਸਾਨੀ ਕਰਦਿਆਂ ਕਿਹਾ ਕਿ ਦਵਾਈਆਂ ਦੀ ਅਦਾਇਗੀ ਦੇ ਮਾਮਲੇ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ ਅਤੇ ਉਹ ਖੁਦ ਅਦਾਇਗੀ ਲਈ ਬਜਟ ਦਾ ਪ੍ਰਬੰਧ ਕਰਨ ਵਾਸਤੇ ਸਰਕਾਰੀ ਪੱਧਰ ‘ਤੇ ਕੋਸ਼ਿਸ਼ਾਂ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਦਵਾਈਆਂ ਦੇ ਸਪਲਾਇਰਾਂ ਦੀ ਮੀਟਿੰਗ ਵੀ ਬੁਲਾ ਲਈ ਗਈ ਤਾਂ ਜੋ ਉਨ੍ਹਾਂ ਤੋਂ ਦਵਾਈਆਂ ਦੀ ਸਪਲਾਈ ਵਿਚ ਹੁੰਦੀ ਦੇਰੀ ਦੇ ਕਾਰਨਾਂ ਦਾ ਪਤਾ ਲਾਇਆ ਜਾ ਸਕੇ ਅਤੇ ਦਵਾਈਆਂ ਦੀ ਸਪਲਾਈ ਵਿਚ ਆਉਂਦੀਆਂ ਔਕੜਾਂ ਨੂੰ ਦੂਰ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਪੰਜਾਬ ਸਰਕਾਰ ਦੇ ਤਰਜੀਹੀ ਖੇਤਰ ਹਨ ਅਤੇ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਹੇਠਲੇ ਪੱਧਰ ਤਕ ਸਿਹਤ ਸੇਵਾਵਾਂ ਨੂੰ ਪੁੱਜਦਾ ਕਰਨ ਲਈ ਜਿਥੇ ਪੇਂਡੂ ਡਿਸਪੈਂਸਰੀਆਂ ਦੀ ਹਾਲਤ ਸੁਧਾਰੀ ਜਾਵੇਗੀ ਉਥੇ ਹਸਪਤਾਲਾਂ ਵਿਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਭਰੀਆਂ ਜਾਣਗੀਆਂ। ਉਨ੍ਹਾਂ ਇਸ ਮੌਕੇ ਇਹ ਵੀ ਦੱਸਿਆ ਕਿ ਰਾਜ ਵਿਚ 2950 ਹੈਲਥ ਅਤੇ ਵੈੱਲਨੈੱਸ ਕਲੀਨਿਕ ਖੋਲ੍ਹੇ ਜਾਣਗੇ, ਜਿਨ੍ਹਾਂ ਵਿਚੋਂ 840 ਕਲੀਨਿਕਾਂ ਨੇ ਪਹਿਲਾਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਉਪਰਾਲਾ ਸਰਕਾਰ ਵਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਉਨ੍ਹਾਂ ਦੇ ਘਰ ਦੇ ਨੇੜੇ ਹੀ ਉਪਲਬਧ ਕਰਵਾਉਣ ਲਈ ਕੀਤਾ ਗਿਆ ਹੈ।
ਇਸ ਮੌਕੇ ਵਧੀਕ ਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਸ੍ਰੀ ਸਤੀਸ਼ ਚੰਦਰਾ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐੱਮ.ਡੀ. ਅਮਿਤ ਕੁਮਾਰ, ਕੈਬਨਿਟ ਮੰਤਰੀ ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮਛਲੀਕਲਾਂ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਤੇ ਡਾਕਟਰ ਵੀ ਮੌਜੂਦ ਸਨ।