ਨਵੀਂ ਦਿੱਲੀ— ਭਾਰਤ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਨੂੰ ਨਵੇਂ ਦੌਰ ਦੀ ਗੱਲਬਾਤ ਲਈ 11-14 ਜੁਲਾਈ ਤਰੀਕ ਦਾ ਪ੍ਰਸਤਾਵ ਦਿੱਤਾ ਹੈ। ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤ, ਕਰਤਾਰਪੁਰ ਲਾਂਘੇ ਦੇ ਪ੍ਰਾਜੈਕਟ ‘ਤੇ ਪਾਕਿਸਤਾਨ ਨੂੰ ਉਸ ਵਲੋਂ ਨਿਯੁਕਤ ਕਮੇਟੀ ਵਿਚ ਇਕ ਮੁਖੀ ਖਾਲਿਸਤਾਨੀ ਵੱਖਵਾਦੀ ਦੀ ਹਾਜ਼ਰੀ ‘ਤੇ ਆਪਣੀ ਡੂੰਘੀ ਚਿੰਤਾ ਪਹਿਲਾਂ ਹੀ ਜ਼ਾਹਰ ਕਰ ਚੁੱਕਾ ਹੈ। ਭਾਰਤ ਨੇ ਪ੍ਰਾਜੈਕਟ ਨਾਲ ਸੰਬੰਧਤ ਕੁਝ ਹੋਰ ਮੁੱਦਿਆਂ ‘ਤੇ ਪਾਕਿਸਤਾਨ ਤੋਂ ਸਪੱਸ਼ਟੀਕਰਨ ਵੀ ਮੰਗਿਆ ਸੀ। ਇਹ ਪੁੱਛੇ ਜਾਣ ‘ਤੇ ਕਿ ਕੀ ਭਾਰਤ ਨੇ ਇਸ ਮੁੱਦੇ ‘ਤੇ ਗੱਲਬਾਤ ਲਈ ਨਵੀਆਂ ਤਰੀਕਾਂ ਦਾ ਪ੍ਰਸਤਾਵ ਦਿੱਤਾ ਹੈ ਅਤੇ ਕੀ ਇਸ ਦਾ ਅਰਥ ਇਹ ਸਮਝਿਆ ਜਾਵੇ ਕਿ ਗੱਲਬਾਤ ਦੀ ਪ੍ਰਕਿਰਿਆ ‘ਚ ਰੁਕਾਵਟ ਬਣੇ ਪਹਿਲਾਂ ਦੇ ਮੁੱਦਿਆਂ ਨੂੰ ਸੁਲਝਾ ਲਿਆ ਗਿਆ ਹੈ, ਤਾਂ ਘਟਨਾਕ੍ਰਮ ਨਾਲ ਜੁੜੇ ਇਕ ਸੂਤਰ ਨੇ ਕਿਹਾ ਕਿ ਇਹ ਲਾਂਘੇ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸੂਤਰਾਂ ਮੁਤਾਬਕ ਗੱਲਬਾਤ ਲਈ 11-14 ਜੁਲਾਈ ਪ੍ਰਸਤਾਵਿਤ ਤਰੀਕਾਂ ਹਨ।
ਵਿਦੇਸ਼ ਮੰਤਰਾਲ ਦੇ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਧਾਈ ਸੰਦੇਸ਼ ਦੇ ਜਵਾਬ ਵਿਚ 12 ਜੂਨ ਨੂੰ ਭੇਜੀ ਇਕ ਚਿੱਠੀ ਵਿਚ ਕਰਤਾਰਪੁਰ ਲਾਂਘੇ ਨੂੰ ਛੇਤੀ ਖੋਲ੍ਹਣ ਨੂੰ ਕਿਹਾ ਸੀ। ਇੱਥੇ ਦੇਈਏ ਕਿ ਕਰਤਾਰਪੁਰ ਲਾਂਘੇ ਦੇ ਮੁੱਦੇ ‘ਤੇ ਪਾਕਿਸਤਾਨ ਨੇ ਭਾਰਤ ਦੀਆਂ ਕੁਝ ਗੱਲਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਵਿਚ ਸਭ ਤੋਂ ਵੱਡੀ ਅਤੇ ਮੁੱਖ ਮੰਗ ਸੀ, ਸ਼ਰਧਾਲੂਆਂ ਨੂੰ ਬਿਨਾਂ ਵੀਜ਼ਾ ਕਰਤਾਰਪੁਰ ਜਾਣ ਦਿੱਤਾ ਜਾਵੇ ਪਰ ਪਾਕਿਸਤਾਨ ਨੇ ਕਿਹਾ ਸੀ ਕਿ ਉਹ ਨਿਸ਼ਚਿਤ ਸੀਮਾ ਹੀ ਵਿਚ ਵੀਜ਼ਾ ਜਾਰੀ ਕਰੇਗਾ। ਅਜਿਹਾ ਹੀ ਕੁਝ ਹੋਰ ਮੰਗਾਂ ਨੂੰ ਨਾ ਮੰਨਣ ਕਾਰਨ ਪਿਛਲੀ ਵਾਰ ਗੱਲ ਅੱਗ ਨਹੀਂ ਵਧ ਸਕੀ ਸੀ।