ਅਸਤੀਫੇ ‘ਤੇ ਅੜੇ ਰਾਹੁਲ ਗਾਂਧੀ, ਸੋਮਵਾਰ ਨੂੰ ਕਾਂਗਰਸੀ ਮੰਤਰੀਆਂ ਦੀ ਬੁਲਾਈ ਬੈਠਕ

ਨਵੀਂ ਦਿੱਲੀ—ਲੋਕ ਸਭਾ ਚੋਣਾਂ ‘ਚ ਕਰਾਰੀ ਹਾਰ ਮਿਲਣ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਜਿੱਦ ‘ਤੇ ਅੜੇ ਹੋਏ ਹਨ। ਰਾਹੁਲ ਗਾਂਧੀ ਨੇ ਸੋਮਵਾਰ ਨੂੰ ਸਾਰੇ ਕਾਂਗਰਸ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਐਮਰਜੈਂਸੀ ਬੈਠਕ ਬੁਲਾਈ ਹੈ। ਮਾਹਿਰਾਂ ਮੁਤਾਬਕ ਰਾਜਸਥਾਨ, ਮੱਧ ਪ੍ਰਦੇਸ਼, ਪੁਡੂਚੇਰੀ ਅਤੇ ਪੰਜਾਬ ਸਮੇਤ ਕਈ ਹੋਰ ਸੂਬਿਆਂ ਦੇ ਮੁੱਖ ਮੰਤਰੀ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਸਥਿਤ ਪਾਰਟੀ ਹੈੱਡਕੁਆਟਰ ‘ਚ ਰਾਹੁਲ ਗਾਂਧੀ ਨਾਲ ਬੈਠਕ ਕਰਨ ਲਈ ਪਹੁੰਚਣਗੇ। ਇਸ ਬੈਠਕ ‘ਚ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕੇ ਪ੍ਰਧਾਨ ਦੇ ਅਹੁਦੇ ‘ਤੇ ਬਣੇ ਰਹਿਣ ਲਈ ਬੇਨਤੀ ਕਰਨਗੇ।
ਇਸ ਤੋਂ ਇਲਾਵਾ ਬੈਠਕ ‘ਚ ਕਰਨਾਟਕ ਦੇ ਉਪ-ਮੁੱਖ ਮੰਤਰੀ ਜੀ. ਪਰਮੇਸ਼ੁਰਾ ਦੇ ਪਹੁੰਚਣ ਦੀ ਵੀ ਸੰਭਾਵਨਾ ਹੈ। ਉਨ੍ਹਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਮਿਲਣ ਦੀ ਯੋਜਨਾ ਚੱਲ ਰਹੀ ਸੀ ਅਤੇ ਰਾਹੁਲ ਗਾਂਧੀ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਨਾ ਦੇਣ ਬਾਰੇ ਚਰਚਾ ਕਰਨ ਦੀ ਸੰਭਾਵਨਾ ਹੈ।
ਦੱਸ ਦੇਈਏ ਕਿ ਲੋਕ ਸਭਾ ਚੋਣਾਂ 2019 ‘ਚ ਮਿਲੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਕਾਂਗਰਸ ਕਾਰਜ ਸਮਿਤੀ ਦੀ ਬੈਠਕ ‘ਚ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਗੱਲ ਕੀਤੀ ਸੀ, ਪਰ ਉਨ੍ਹਾਂ ਦਾ ਅਸਤੀਫਾ ਨਾਮਨਜ਼ੂਰ ਕੀਤਾ ਗਿਆ ਸੀ ਪਰ ਰਾਹੁਲ ਗਾਂਧੀ ਹੁਣ ਤੱਕ ਆਪਣੇ ਅਸਤੀਫੇ ‘ਤੇ ਅੜੇ ਹੋਏ ਹਨ। ਦੂਜੇ ਪਾਸੇ ਹੁਣ ਤੱਕ ਕਾਂਗਰਸ ਦੇ ਉਮੀਦਵਾਰਾਂ ਵੱਲੋਂ ਅਸਤੀਫਾ ਦੇਣ ਦਾ ਦੌਰ ਜਾਰੀ ਹੈ ਅਤੇ ਹੁਣ ਤੱਕ 150 ਤੋਂ ਵੱਧ ਉਮੀਦਵਾਰਾਂ ਨੇ ਆਪਣਾ ਅਸਤੀਫਾ ਰਾਹੁਲ ਗਾਂਧੀ ਨੂੰ ਸੌਂਪ ਦਿੱਤਾ ਹੈ।