ਮਹਿੰਦਰਪਾਲ ਬਿੱਟੂ ਕਤਲ ਕਾਂਡ ‘ਚ ਨਾਮਜ਼ਦ ਮੁਲਜ਼ਮ ਹੋਰ 2 ਦਿਨ ਦੇ ਪੁਲਸ ਰਿਮਾਂਡ ‘ਤੇ

ਪਟਿਆਲਾ : ਬੇਅਦਬੀ ਮਾਮਲੇ ‘ਚ ਮੁੱਖ ਮੁਲਜ਼ਮ ਅਤੇ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ‘ਚ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਪੰਜਾਂ ਮੁਲਜ਼ਮਾਂ ਨੂੰ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਮਾਨਯੋਗ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਮੁਲਜ਼ਮਾਂ ਨੂੰ 2 ਦਿਨ ਦੇ ਹੋਰ ਪੁਲਸ ਰਿਮਾਂਡ ‘ਤੇ ਭੇਜਣ ਦੇ ਹੁਕਮ ਦਿੱਤੇ ਹਨ। ਦੱਸਣਯੋਗ ਹੈ ਕਿ ਪਟਿਆਲਾ ਪੁਲਸ ਨੇ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ਵਿਚ ਹੁਣ ਤੱਕ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਗੁਰਸੇਵਕ ਸਿੰਘ, ਹਵਾਲਾਤੀ ਮਨਿੰਦਰ ਸਿੰਘ, ਲਖਵੀਰ ਸਿੰਘ, ਹਰਪ੍ਰੀਤ ਸਿੰਘ, ਅਤੇ ਜਸਪ੍ਰੀਤ ਸਿੰਘ ਸ਼ਾਮਲ ਹੈ।
ਪੁਲਸ ਮੁਤਾਬਕ ਉਕਤ ਦੋਸ਼ੀਆਂ ਪਾਸੋਂ ਹੋਰ ਪੁੱਛਗਿੱਛ ਕਰਨ ਲਈ ਹੀ ਅਦਾਲਤ ਵਲੋਂ ਰਿਮਾਂਡ ਵਿਚ ਵਾਧਾ ਕਰਨ ਦੀ ਮੰਗ ਕੀਤੀ ਗਈ ਸੀ, ਜਿਸ ‘ਤੇ ਅਦਾਲਤ ਨੇ ਮੁਲਜ਼ਮਾਂ ਨੂੰ 2 ਦਿਨ ਦੇ ਹੋਰ ਪੁਲਸ ਰਿਮਾਂਡ ਦੇ ਹੁਕਮ ਦਿੱਤੇ ਹਨ।
ਦੱਸਣਯੋਗ ਹੈ ਕਿ ਬਰਗਾੜੀ ਬੇਅਦਬੀ ਮਾਮਲੇ ਵਿਚ ਮੁੱਖ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਮਹਿੰਦਰਪਾਲ ਬਿੱਟੂ ਪਿਛਲੇ 7 ਮਹੀਨਿਆਂ ਤੋਂ ਨਾਭਾ ਦੇ ਨਵੀਂ ਬਣੀ ਜ਼ਿਲਾ ਜੇਲ ‘ਚ ਬੰਦ ਸੀ ਅਤੇ 22 ਜੂਨ ਦੀ ਸ਼ਾਮ ਜੇਲ ਵਿਚ ਬੰਦ ਦੋ ਕੈਦੀਆਂ ਵਲੋਂ ਉਸ ‘ਤੇ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਫਿਲਹਾਲ ਪੁਲਸ ਵਲੋਂ ਇਸ ਮਾਮਲੇ ਵਿਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁਲਸ ਵੱਖ ਵੱਖ ਪਹਿਲੂਆਂ ‘ਤੇ ਇਸ ਦੀ ਜਾਂਚ ਕਰ ਰਹੀ ਹੈ।