ਪੁਣੇ— ਮਹਾਰਾਸ਼ਟਰ ਦੇ ਪੁਣੇ ਦੇ ਕੋਂਢਵਾਂ ਇਲਾਕੇ ਵਿਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਇਕ ਕੰਧ ਝੁੱਗੀਆਂ ‘ਤੇ ਡਿੱਗ ਗਈ, ਜਿਸ ਕਾਰਨ ਕਰੀਬ 17 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਮਾਰੇ ਗਏ ਲੋਕਾਂ ‘ਚ ਸਾਰੇ 17 ਮਜ਼ਦੂਰ ਬਿਹਾਰ ਦੇ ਦੱਸੇ ਜਾ ਰਹੇ ਹਨ। ਮਜ਼ਦੂਰਾਂ ਦੀ ਮੌਤ ਕਾਰਨ ਉਨ੍ਹਾਂ ਦੇ ਪਿੰਡਾਂ ਵਿਚ ਮਾਤਮ ਪਸਰ ਗਿਆ ਹੈ। ਇਸ ਦਰਦਨਾਕ ਹਾਦਸੇ ਵਿਚ ਮ੍ਰਿਤਕ ਪਰਿਵਾਰਾਂ ਪ੍ਰਤੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਹਮਦਰਦੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਮੁਆਵਜ਼ੇ ਦਾ ਐਲਾਨ ਕਰਦੇ ਹੋਏ ਮ੍ਰਿਤਕਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉੱਥੇ ਹੀ ਜ਼ਖਮੀਆਂ ਨੂੰ 50,000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਓਧਰ ਕਟਿਹਾਰ ਤੋਂ ਸੰਸਦ ਮੈਂਬਰ ਨੇ ਭਰੋਸਾ ਦਿੱਤਾ ਹੈ ਕਿ ਛੇਤੀ ਹੀ ਮ੍ਰਿਤਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਦਾ ਕੰਮ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਸੀ. ਐੱਮ. ਦਵਿੰਦਰ ਫੜਨਵੀਸ ਨੇ ਵੀ ਮੁਆਵਜ਼ੇ ਦਾ ਐਲਾਨ ਕੀਤਾ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਹਾਰਾਸ਼ਟਰ ਸਰਕਾਰ 5 ਲੱਖ ਰੁਪਏ ਮੁਆਵਜ਼ਾ ਦੇਵੇਗੀ। ਦੱਸਿਆ ਜਾ ਰਿਹਾ ਹੈ ਕਿ ਮਜ਼ਦੂਰ ਪ੍ਰਾਈਵੇਟ ਕੰਸਟ੍ਰਕਸ਼ਨ ਕੰਪਨੀ ਵਿਚ ਕੰਮ ਕਰਦੇ ਸਨ। ਫਿਲਹਾਲ ਰਾਹਤ ਬਚਾਅ ਕੰਮ ਚੱਲ ਰਿਹਾ ਹੈ।