ਮਮਤਾ ਨੇ ਮੁਸਲਿਮ ਵਿਦਿਆਰਥੀਆਂ ਲਈ ਸਰਕਾਰੀ ਸਕੂਲਾਂ ‘ਚ ਵੱਖ ਹਾਲ ਦਾ ਦਿੱਤਾ ਆਦੇਸ਼

ਕੋਲਕਾਤਾ— ਪੱਛਮੀ ਬੰਗਾਲ ਸਰਕਾਰ ਨੇ ਸਕੂਲਾਂ ਨੂੰ ਆਦੇਸ਼ ਦਿੱਤਾ ਹੈ ਕਿ ਉਹ ਮੁਸਲਿਮ ਵਿਦਿਆਰਥੀਆਂ ਲਈ ਵੱਖ ਤੋਂ ਮਿਡ-ਡੇਅ ਮੀਲ ਹਾਲ ਰਿਜ਼ਰਵ ਕਰਨ। ਇਹ ਆਦੇਸ਼ ਰਾਜ ਦੇ ਉਨ੍ਹਾਂ ਸਰਕਾਰੀ ਸਕੂਲਾਂ ‘ਤੇ ਲਾਗੂ ਹੋਵੇਗਾ, ਜਿੱਥੇ 70 ਫੀਸਦੀ ਜਾਂ ਉਸ ਤੋਂ ਵਧ ਮੁਸਲਿਮ ਵਿਦਿਆਰਥੀ ਹਨ। ਰਾਜ ਸਰਕਾਰ ਦੇ ਇਸ ਫੈਸਲੇ ‘ਤੇ ਭਾਜਪਾ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਨਿਸ਼ਾਨਾ ਸਾਧਿਆ ਹੈ। ਪੱਛਮੀ ਬੰਗਾਲ ਦੇ ਕੂਚ ਬਿਹਾਰ ਜ਼ਿਲਾ ਮੈਜਿਸਟਰੇਟ ਵਲੋਂ ਜਾਰੀ ਆਦੇਸ਼ ‘ਚ ਉਨ੍ਹਾਂ ਸਰਕਾਰੀ ਅਤੇ ਸਰਕਾਰੀ ਮਦਦ ਪ੍ਰਾਪਤ ਸਕੂਲਾਂ ਦਾ ਨਾਂ ਮੰਗਿਆ ਹੈ, ਜਿੱਥੇ 70 ਫੀਸਦੀ ਤੋਂ ਵਧ ਘੱਟ ਗਿਣਤੀ ਬੱਚੇ ਪੜ੍ਹਦੇ ਹਨ। ਇਨ੍ਹਾਂ ਸਰਕਾਰੀ ਸਕੂਲਾਂ ‘ਚ ਘੱਟ ਗਿਣਤੀ ਬੱਚਿਆਂ ਲਈ ਵੱਖ ਤੋਂ ਮਿਡ-ਡੇਅ ਮੀਲ ਡਾਇਨਿੰਗ ਹਾਲ ਬਣਾਇਆ ਜਾਵੇਗਾ। ਇਸ ਲਈ ਪ੍ਰਸਤਾਵ ਬਣਾ ਕੇ ਭੇਜਣ ਲਈ ਕਿਹਾ ਗਿਆ ਹੈ।
ਇਸ ਸਰਕੁਲਰ ‘ਚ ਇਹ ਵੀ ਕਿਹਾ ਗਿਆ ਹੈ ਕਿ ਇਹ ਨਿਰਦੇਸ਼ ਰਾਜ ਘੱਟ ਗਿਣਤੀ ਅਤੇ ਮਦਰਸਾ ਸਿੱਖਆ ਵਿਭਾਗ ਵਲੋਂ ਦਿੱਤਾ ਗਿਆ ਹੈ। ਇਹ ਵਿਭਾਗ ਮੁੱਖ ਮੰਤਰੀ ਮਮਤਾ ਬੈਨਰਜੀ ਕੋਲ ਹੈ ਅਤੇ ਗਿਆਸ ਉਦੀਨ ਮੁੱਲਾ ਇਸ ਵਿਭਾਗ ‘ਚ ਰਾਜ ਮੰਤਰੀ ਹਨ। ਇਸ ਦਰਮਿਆਨ ਤ੍ਰਿਣਮੂਲ ਸਰਕਾਰ ਦੇ ਇਸ ਫੈਸਲੇ ‘ਤੇ ਭਾਜਪਾ ਨੇ ਤਿੱਖਾ ਹਮਲਾ ਬੋਲਿਆ ਹੈ। ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਦਿਲੀਪ ਘੋਸ਼ ਨੇ ਟਵੀਟ ‘ਤੇ ਸਵਾਲ ਕੀਤਾ,”ਧਰਮ ਦੇ ਆਧਾਰ ‘ਤੇ ਵਿਦਿਆਰਥੀਆਂ ਨਾਲ ਭੇਦਭਾਵ ਕਿਉਂ ਕੀਤਾ ਜਾ ਰਿਹਾ ਹੈ? ਇਸ ਭੇਦਭਾਵ ਦੇ ਪਿੱਛੇ ਕੋਈ ਖਰਾਬ ਭਾਵਨਾ ਤਾਂ ਨਹੀਂ ਹੈ? ਇਕ ਹੋਰ ਸਾਜਿਸ਼?”
ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਸਰਕਾਰ ਨੇ ਇਹ ਆਦੇਸ਼ ਅਜਿਹੇ ਸਮੇਂ ਜਾਰੀ ਕੀਤਾ ਹੈ, ਜਦੋਂ ਟੀ.ਐੱਮ.ਸੀ. ਅਤੇ ਮੁੱਖ ਵਿਰੋਧੀ ਪਾਰਟੀ ਭਾਜਪਾ ਦਰਮਿਆਨ ਸਿਆਸੀ ਤਣਾਅ ਸਿਖਰ ‘ਤੇ ਹੈ। ਭਾਜਪਾ ਮਮਤਾ ਸਰਕਾਰ ‘ਤੇ ਮੁਸਲਿਮ ਤੁਸ਼ਟੀਕਰਨ ਦਾ ਦੋਸ਼ ਲਗਾਉਂਦੀ ਰਹੀ ਹੈ। ਲੋਕ ਸਭਾ ਚੋਣਾਂ ‘ਚ ਭਾਜਪਾ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਰਾਜ ‘ਚ ਹਿੰਸਾ ਦੀਆਂ ਕਈ ਘਟਨਾਵਾਂ ਹੋਈਆਂ ਅਤੇ ਉਸ ‘ਚ ਦੋਹਾਂ ਹੀ ਦਲਾਂ ਦੇ ਕਈ ਵਰਕਰ ਮਾਰੇ ਗਏ। ਇਨ੍ਹਾਂ ਕਤਲਾਂ ਲਈ ਭਾਜਪਾ ਅਤੇ ਟੀ.ਐੱਮ.ਸੀ. ਨੇ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ। ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਨਾਲ ਜੁੜੇ ਦੱਸੇ ਜਾ ਰਹੇ 2 ਸਮੂਹਾਂ ਦਰਮਿਆਨ ਝੜਪ ‘ਚ 2 ਲੋਕਾਂ ਦੀ ਮੌਤ ਹੋ ਗਈ ਸੀ ਅਤੇ 11 ਲੋਕ ਜ਼ਖਮੀ ਹੋ ਗਏ ਸਨ।