ਨਵੀਂ ਦਿੱਲੀ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਕੈਪਟਨ ਨੇ ਦੱਸਿਆ ਕਿ ਵਿੱਤ ਮੰਤਰੀ ਤੋਂ ਅਨਾਜ ਦੀ ਖਰੀਦ ਅਤੇ ਟੈਕਸ ਅਦਾਇਗੀ ਦੇ ਏਵਜ਼ ‘ਚ 31 ਹਜ਼ਾਰ ਕਰੋੜ ਰੁਪਏ ਦੇ ਬਕਾਇਆ ਭੁਗਤਾਨ ਨੂੰ ਦੇਣ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਦੱਸਿਆ ਕਿ ਵਿੱਤ ਮੰਤਰੀ ਸੀਤਾਰਮਨ ਨੇ ਇਸ ‘ਤੇ ਵਿਚਾਰ ਕਰਨ ਦੀ ਗੱਲ ਕਹੀ ਹੈ।
ਕੈਪਟਨ ਨੇ ਕਿਹਾ ਕਿ ਇਸ ਤੋਂ ਇਲਾਵਾ ਬਜਟ ‘ਚ ਵੀ ਪੰਜਾਬ ਦੀਆਂ ਜ਼ਰੂਰਤਾਂ ਅਨੁਸਾਰ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕੀਤੀ ਹੈ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਰਾਜ ਵਲੋਂ ਲਿਖਤੀ ‘ਚ ਭੇਜ ਦਿੱਤਾ ਜਾਵੇ, ਜਿਸ ਨੂੰ ਅਸੀਂ ਲਿਖ ਕੇ ਜਲਦ ਭੇਜ ਦੇਵਾਂਗੇ। ਅਸੀਂ ਪੀ.ਐੱਮ. ਤੋਂ ਬਾਰਡਰ ਸਟੇਟ ਹੋਣ ਦੇ ਨਾਤੇ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਸੀ। ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਗੱਲਬਾਤ ਨੂੰ ਜਲਦ ਅੱਗੇ ਵਧਾਉਣਾ ਚਾਹੀਦਾ ਤਾਂ ਕਿ ਕੰਮ ਜਲਦੀ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਕੈਪਟਨ ਇਸ ਤੋਂ ਪਹਿਲਾਂ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕਰ ਚੁਕੇ ਹਨ। ਇਸ ਦੌਰਾਨ ਉਨ੍ਹਾਂ ਨੇ ਨਸ਼ਿਆਂ ਦੀ ਅਲਾਮਤ ‘ਤੇ ਕਾਬੂ ਪਾਉਣ ਲਈ ਕੌਮੀ ਡਰੱਗ ਨੀਤੀ ਦੀ ਮੰਗ ਨੂੰ ਦੋਹਰਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਕਈ ਮੁੱਦੇ ਚੁੱਕੇ। ਇਸ ਤੋਂ ਇਲਾਵਾ ਕੈਪਟਨ ਨਿਤਿਨ ਗਡਕਰੀ, ਰਾਮਵਿਲਾਸ ਪਾਸਵਾਨ ਅਤੇ ਹਰਦੀਪ ਪੁਰੀ ਨਾਲ ਵੀ ਮੁਲਾਕਾਤ ਕਰ ਚੁਕੇ ਹਨ।