ਫ਼ਿਲਮ ਛੋਟੀ ਅਤੇ ਜਲਵਾ ਵੱਡਾ ਅਸੀਮ ਚਕਰਵਰਤੀ

ਫ਼ਿਲਮ ਲੁਕਾ ਛੁਪੀ ਵਿੱਚ ਕਾਰਤਿਕ ਆਰਿਅਨ ਅਤੇ ਕ੍ਰਿਤੀ ਸੈਨਨ

ਟਿਕਟ ਖਿੜਕੀ ‘ਤੇ ਕੁੱਝ ਵੱਡੇ ਬਜਟ ਅਤੇ ਕੁੱਝ ਛੋਟੇ ਬਜਟ ਵਾਲੀਆਂ ਫ਼ਿਲਮਾਂ ਦਸਤਕ ਦੇ ਰਹੀਆਂ ਹਨ। ਇਨ੍ਹਾਂ ਵਿੱਚੋਂ ਕੁੱਝ ਵੱਡੇ ਬਜਟ ਦੀਆਂ ਫ਼ਿਲਮਾਂ ਦੀ ਜਿੰਨੀ ਵੀ ਚਰਚਾ ਹੋਵੇ, ਪਰ ਉਹ ਦਰਸ਼ਕਾਂ ਦੇ ਦਿਲ ਜਿੱਤਣ ਵਿੱਚ ਨਾਕਾਮ ਰਹਿੰਦੀਆਂ ਹਨ। ਦੂਜੇ ਪਾਸੇ ਛੋਟੇ ਬਜਟ ਦੀਆਂ ਛੋਟੀਆਂ ਫ਼ਿਲਮਾਂ ਅਜਿਹੀਆਂ ਹਨ ਜਿਨ੍ਹਾਂ ਦਾ ਜ਼ਿਕਰ ਤਾਂ ਨਾਮਾਤਰ ਹੀ ਹੁੰਦੀ ਹੈ, ਪਰ ਉਹ ਦਰਸ਼ਕਾਂ ਦੀ ਭੀੜ ਨੂੰ ਸਿਨਮਾ ਘਰਾਂ ਤਕ ਖਿੱਚਣ ਦਾ ਮਾਦਾ ਰੱਖਦੀਆਂ ਹਨ। ਸ਼ਾਨਦਾਰ ਵਿਸ਼ੇ ਵਾਲੀਆਂ ਕੁੱਝ ਅਜਿਹੀਆਂ ਫ਼ਿਲਮਾਂ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਦੀਆਂ ਹਨ। ਛੋਟੇ ਬਜਟ ਵਾਲੀਆਂ ਫ਼ਿਲਮਾਂ ਨਵੀਆਂ ਕਹਾਣੀਆਂ, ਨਵੀਆਂ ਅਭਿਨੇਤਰੀਆਂ ਅਤੇ ਨਿਰਮਾਤਾਵਾਂ ਨੂੰ ਵੀ ਮੌਕੇ ਦੇ ਰਹੀਆਂ ਹਨ। ਖ਼ਾਸ ਗੱਲ ਇਹ ਹੈ ਕਿ ਛੋਟੇ ਬਜਟ ਦੀਆਂ ਕੁੱਝ ਫ਼ਿਲਮਾਂ ਵਿੱਚ ਤਾਂ ਕੋਈ ਵੱਡਾ ਸਟਾਰ ਵੀ ਨਹੀਂ ਹੁੰਦਾ, ਪਰ ਉਨ੍ਹਾਂ ਦੀ ਕਾਮਯਾਬੀ ਇਸ ਗੱਲ ‘ਤੇ ਮੋਹਰ ਲਗਾਉਂਦੀ ਹੈ ਕਿ ਵਿਸ਼ਾ ਚੰਗਾ ਹੈ ਤਾਂ ਫ਼ਿਲਮ ਜ਼ਰੂਰ ਚੱਲੇਗੀ। ਓਦੋਂ ਪ੍ਰਸ਼ੰਸਕ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਕਿ ਅਭਿਨੇਤਾ ਵੱਡਾ ਹੈ ਜਾਂ ਨਵਾਂ ਹੈ ਜਾਂ ਨਿਰਦੇਸ਼ਕ ਕੌਣ ਹੈ?

ਫ਼ਿਲਮ ਉੜੀ ਵਿੱਚ ਵਿਕੀ ਕੌਸ਼ਲ
ਪਿਛਲੇ ਇੱਕ ਸਾਲ ਵਿੱਚ ਬਰੇਲੀ ਕੀ ਬਰਫ਼ੀ, ਉੜੀ, ਸਤ੍ਰੀ, ਬਧਾਈ ਹੋ, ਬਦਲਾ, ਅੰਧਾਧੁਨ ਅਤੇ ਲੁਕਾ ਛੁਪੀ ਫ਼ਿਲਮਾਂ ਦੀ ਸਫ਼ਲਤਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਛੋਟੇ ਬਜਟ ਦੀਆਂ ਫ਼ਿਲਮਾਂ ਦਾ ਕਾਮਯਾਬ ਅਭਿਨੇਤਾ ਆਯੁਸ਼ਮਾਨ ਖੁਰਾਣਾ ਵੀ ਮੰਨਦਾ ਹੈ ਕਿ ਜ਼ਿਆਦਾਤਰ ਛੋਟੇ ਬਜਟ ਦੀਆਂ ਫ਼ਿਲਮਾਂ ਆਪਣੇ ਵਿਸ਼ੇ ਕਾਰਨ ਬਹੁਤ ਕਮਜ਼ੋਰ ਹੁੰਦੀਆਂ ਹਨ ਪਰ ਕੁੱਝ ਅਜਿਹੀਆਂ ਹੀ ਫ਼ਿਲਮਾਂ ਆਪਣੇ ਵਿਸ਼ੇ ਕਰ ਕੇ ਹਿੱਟ ਵੀ ਹੁੰਦੀਆਂ ਹਨ। ਉਹ ਦੱਸਦਾ ਹੈ, ”ਵੱਡੀਆਂ ਫ਼ਿਲਮਾਂ ਦਾ ਸਭ ਤੋਂ ਜ਼ਿਕਰਯੋਗ ਪੱਖ ਇਸ ਦੇ ਸਿਤਾਰੇ ਹੁੰਦੇ ਹਨ। ਦਰਸ਼ਕਾਂ ਦੀ ਨਜ਼ਰ ਇਨ੍ਹਾਂ ਦੇ ਵਿਸ਼ੇ ਦੀ ਬਜਾਏ ਸਿਤਾਰਿਆਂ ‘ਤੇ ਹੁੰਦੀ ਹੈ। ਆਮਤੌਰ ‘ਤੇ ਸਿਤਾਰਿਆਂ ਦਾ ਆਕਰਸ਼ਣ ਕਈ ਵੱਡੀਆਂ ਫ਼ਿਲਮਾਂ ਦੀਆਂ ਕਮਜ਼ੋਰੀਆਂ ਨੂੰ ਛੁਪਾ ਲੈਂਦਾ ਹੈ।”
ਫ਼ਿਲਮ ਬਦਲਾ ਵਿੱਚ ਅਮਿਤਾਭ ਬੱਚਨ
ਖੁਰਾਣਾ ਦੀ ਗੱਲ ਬਿਲਕੁਲ ਸਹੀ ਲੱਗਦੀ ਹੈ। 130 ਕਰੋੜ ਰੁਪਏ ਦਾ ਕਾਰੋਬਾਰ ਆਸਾਨੀ ਨਾਲ ਕਰਨ ਵਾਲੀ ਅਕਸ਼ੇ ਕੁਮਾਰ ਦੀ ਫ਼ਿਲਮ ਕੇਸਰੀ ਦੀ ਸਫ਼ਲਤਾ ਤਾਂ ਇਹੀ ਦਰਸਾਉਂਦੀ ਹੈ। ਦੂਜੇ ਪਾਸੇ, ਇਰਫ਼ਾਨ ਦੀ ਫ਼ਿਲਮ ਕਾਰਵਾਂ ਚੰਗੀ ਫ਼ਿਲਮ ਹੋਣ ਦੇ ਬਾਵਜੂਦ ਬਹੁਤ ਪਿੱਛੇ ਰਹਿ ਜਾਂਦੀ ਹੈ। ਅਜਿਹੇ ਵਿੱਚ ਇਹ ਸੁਆਲ ਉਠਦਾ ਹੈ ਕਿ ਕੀ ਵੱਡੀਆਂ ਫ਼ਿਲਮਾਂ, ਛੋਟੀਆਂ ਫ਼ਿਲਮਾਂ ‘ਤੇ ਹਾਵੀ ਹੋ ਰਹੀਆਂ ਹਨ। ਟਰੇਡ ਵਿਸ਼ਲੇਸ਼ਕ ਆਮੋਦ ਮਹਿਰਾ ਇਸ ਗੱਲ ਨੂੰ ਖ਼ਾਰਿਜ ਕਰਦਾ ਹੈ, ”ਛੋਟੀਆਂ ਅਤੇ ਵੱਡੀਆਂ ਫ਼ਿਲਮਾਂ ਦੀ ਇਸ ਤਰ੍ਹਾਂ ਨਾਲ ਤੁਲਨਾ ਹੀ ਗ਼ੈਰ-ਜ਼ਰੂਰੀ ਹੈ। ਅਸਲ ਵਿੱਚ ਕੋਈ ਫ਼ਿਲਮ ਛੋਟੀ ਜਾਂ ਵੱਡੀ ਨਹੀਂ ਹੁੰਦੀ। ਤੁਸੀਂ ਇਨ੍ਹਾਂ ਨੂੰ ਚੰਗੀਆਂ ਜਾਂ ਖ਼ਰਾਬ ਫ਼ਿਲਮਾਂ ਕਹਿ ਸਕਦੇ ਹੋ। ਫ਼ਿਲਮ ਚੰਗੀ ਹੋਵੇਗੀ ਤਾਂ ਉਸ ਨੂੰ ਚੱਲਣ ਤੋਂ ਕੋਈ ਨਹੀਂ ਰੋਕ ਸਕਦਾ। ਜਿੱਥੇ 80 ਕਰੋੜ ਵਿੱਚ ਬਣੀ ਕੇਸਰੀ ਸਿਰਫ਼ 130 ਕਰੋੜ ਰੁਪਏ ਦੀ ਕਮਾਈ ਕਰਦੀ ਹੈ ਉੱਥੇ ਮੁਸ਼ਕਿਲ ਨਾਲ 25 ਕਰੋੜ ਰੁਪਏ ਵਿੱਚ ਬਣੀ ਉੜੀ ਅਤੇ 20 ਕਰੋੜ ਰੁਪਏ ਵਿੱਚ ਬਣੀ ਸਤ੍ਰੀ ਵਰਗੀਆਂ ਫ਼ਿਲਮਾਂ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਆਸਾਨੀ ਨਾਲ ਕਰ ਲੈਂਦੀਆਂ ਹਨ। ਉੜੀ ਨੇ ਹੁਣ ਤਕ 250 ਕਰੋੜ ਰੁਪਏ ਦੀ ਕਮਾਈ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਫ਼ਿਲਮ ਬਧਾਈ ਹੋ ਵਿੱਚ ਨੀਨਾ ਗੁਪਤਾ ਅਤੇ ਆਯੁਸ਼ਮਾਨ ਖੁਰਾਣਾ
ਅਸਲ ਵਿੱਚ ਸਾਰਾ ਖੇਡ ਮਾਰਕੀਟਿੰਗ ਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੇਕਰ ਫ਼ਿਲਮ ਵੱਡੇ ਸਿਤਾਰਿਆਂ ਨਾਲ ਬਣਦੀ ਹੈ ਤਾਂ ਉਸ ਦੀ ਕਮਾਈ ਦਾ ਅੰਕੜਾ ਕੁੱਝ ਹੋਰ ਹੁੰਦਾ ਹੈ ਜਿਵੇਂ ਕਿ ਟੋਟਲ ਧਮਾਲ ਵਰਗੀ ਫ਼ਿਲਮ ਵੱਡੇ ਸਿਤਾਰਿਆਂ ਨਾਲ ਬਣਦੀ ਹੈ ਤਾਂ ਉਸ ਨੂੰ ਆਪਣੇ ਬਜਟ ਮੁਤਾਬਿਕ ਹੀ ਮੁਨਾਫ਼ਾ ਕਮਾ ਕੇ ਸੰਤੁਸ਼ਟ ਹੋਣਾ ਪੈਂਦਾ ਹੈ।
ਫ਼ਰੌਡ ਸਈਆਂ, ਸਰਬਜੀਤ, ਕਰੇਜ਼ੀ ਕੁੱਕੜ ਫ਼ੈਮਿਲੀ, ਇਸ਼ਕ ਫ਼ੌਰਐਵਰ, ਲਵਸ਼ੁਦਾ, ਸਨਮ ਰੇ, ਸਨਮ ਤੇਰੀ ਕਸਮ, ਇਸ਼ਕ, ਜਨੂਨੀਅਤ, ਨੀਲ ਬਟਾ ਸੰਨਾਟਾ, ਰਮਨ ਰਾਘਵ, ਹੌਟ ਤੇਰੀ ਦੀਵਾਨਗੀ ਵਰਗੀਆਂ ਕਿੰਨੀਆਂ ਹੀ ਫ਼ਿਲਮਾਂ ਹਨ। ਪਿਛਲੇ ਸਾਲਾਂ ਵਿੱਚ ਅਜਿਹੀਆਂ ਬਹੁਤ ਸਾਰੀਆਂ ਫ਼ਿਲਮਾਂ ਆਈਆਂ ਜੋ ਕਦੋਂ ਆਈਆਂ ਅਤੇ ਕਦੋਂ ਚਲੇ ਗਈਆਂ, ਜ਼ਿਆਦਾਤਰ ਸਿਨਮਾ ਪ੍ਰੇਮੀਆਂ ਨੂੰ ਯਾਦ ਨਹੀਂ। ਛੋਟੇ ਬਜਟ ਦੀ ਫ਼ਿਲਮ ਉੜੀ – ਦਾ ਸਰਜੀਕਲ ਸਟਰਾਈਕ ਦੀ ਕਮਾਈ ਹੈਰਾਨ ਕਰ ਦਿੰਦੀ ਹੈ।
ਹੁਣ ਤਾਂ ਇਸ ਦੇ ਸੀਕੁਅਲ ‘ਤੇ ਵੀ ਕੰਮ ਸ਼ੁਰੂ ਹੋ ਗਿਆ ਹੈ। ਉਂਜ ਜ਼ਿਆਦਾਤਰ ਛੋਟੀਆਂ ਫ਼ਿਲਮਾਂ ਦੀ ਗੱਲ ਆਇਆ ਰਾਮ ਗਿਆ ਰਾਮ ਵਰਗੀ ਹੋ ਗਈ ਹੈ। ਕਈ ਵਾਰ ਤਾਂ ਦੋ ਤੋਂ ਪੰਜ ਕਰੋੜ ਰੁਪਏ ਵਿੱਚ ਬਣੀਆਂ ਇਨ੍ਹਾਂ ਫ਼ਿਲਮਾਂ ਦੀ ਲਾਗਤ ਵੀ ਵਾਪਸ ਨਹੀਂ ਆਉਂਦੀ। ਮਲਟੀਪਲੈਕਸ ਦੇ ਇਸ ਦੌਰ ਵਿੱਚ ਕਈ ਟਰੇਡ ਵਿਸ਼ਲੇਸ਼ਕ ਇਸ ਲਈ ਕਾਫ਼ੀ ਹੱਦ ਤਕ ਥੀਏਟਰ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।
ਉਹ ਕਹਿੰਦੇ ਹਨ, ”ਸੀਮਿਤ ਪ੍ਰਚਾਰ ਨਾਲ ਰਿਲੀਜ਼ ਹੋਣ ਵਾਲੀਆਂ ਅਜਿਹੀਆਂ ਫ਼ਿਲਮਾਂ ਆਮ ਤੌਰ ‘ਤੇ ਮੌਖਿਕ ਪ੍ਰਚਾਰ ਜ਼ਰੀਏ ਹੀ ਚੱਲਦੀਆਂ ਹਨ। ਇਸ ਲਈ ਥੋੜ੍ਹਾ ਸਮਾਂ ਹੋਣਾ ਚਾਹੀਦਾ ਹੈ ਜੋ ਇਨ੍ਹਾਂ ਨੂੰ ਘੱਟ ਮਿਲਦਾ ਹੈ। ਖ਼ਾਸ ਤੌਰ ‘ਤੇ ਜੇਕਰ ਕੋਈ ਵੱਡੀ ਫ਼ਿਲਮ ਰਿਲੀਜ਼ ਹੁੰਦੀ ਹੈ ਤਾਂ ਇਨ੍ਹਾਂ ਨੂੰ ਥੀਏਟਰ ਤੋਂ ਉਤਾਰ ਦਿੱਤਾ ਜਾਂਦਾ ਹੈ। ਜਿਵੇਂ ਜ਼ੀਰੋ ਜਾਂ ਕਲੰਕ ਵਰਗੀਆਂ ਵੱਡੀਆਂ ਫ਼ਿਲਮਾਂ ਰਿਲੀਜ਼ ਹੁੰਦੀਆਂ ਹਨ ਤਾਂ ਛੋਟੀਆਂ ਫ਼ਿਲਮਾਂ ਨੂੰ ਦੋ ਦਿਨ ਪਹਿਲਾਂ ਹੀ ਥੀਏਟਰਾਂ ਤੋਂ ਉਤਾਰ ਲਿਆ ਜਾਂਦਾ ਹੈ। ਦੂਜੇ ਪਾਸੇ ‘ਉੜੀ ਜਾਂ ਬਧਾਈ ਹੋ ਵਰਗੀਆਂ ਛੋਟੀਆਂ ਫ਼ਿਲਮਾਂ ਫ਼ਿਰ ਵੀ ਟਿਕਟ ਖਿੜਕੀ ਦੇ ਮੋਰਚੇ ‘ਤੇ ਡੱਟੀਆਂ ਰਹਿੰਦੀਆਂ ਹਨ।
ਫ਼ਿਲਮ ‘ਬਰੇਲੀ ਕੀ ਬਰਫ਼ੀ ‘ਦਾ ਦ੍ਰਿਸ਼
ਉਂਝ ਛੋਟੀਆਂ ਫ਼ਿਲਮਾਂ ਦੇ ਕਈ ਸੁਚੇਤ ਦਰਸ਼ਕ ਫ਼ਿਲਮ ਨਾ ਚੱਲਣ ਨੂੰ ਲੈ ਕੇ ਬਹੁਤ ਚਿੰਤਤ ਹਨ। ਉਨ੍ਹਾਂ ਮੁਤਾਬਕ ਇਨ੍ਹਾਂ ਫ਼ਿਲਮਾਂ ਦੇ ਵਿਸ਼ੇ ਦਾ ਖੋਖਲਾਪਣ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਉਨ੍ਹਾਂ ਨੂੰ ਸਮਝ ਵਿੱਚ ਹੀ ਨਹੀਂ ਆ ਰਿਹਾ ਕਿ ਨਿਰਮਾਤਾ ਕਿਉਂ ਅਜਿਹੀਆਂ ਫ਼ਿਲਮਾਂ ਬਣਾ ਰਹੇ ਹਨ। ਪਿਛਲੇ ਇੱਕ ਸਾਲ ਵਿੱਚ ਸਿਰਫ਼ ਲਵ ਟਾਈਟਲ ‘ਤੇ ਇੱਕ ਦਰਜਨ ਤੋਂ ਜ਼ਿਆਦਾ ਫ਼ਿਲਮਾਂ ਬਣ ਚੁੱਕੀਆਂ ਹਨ। ਇਨ੍ਹਾਂ ਫ਼ਿਲਮਾਂ ਵਿੱਚ ਨਾ ਤਾਂ ਕੋਈ ਵਿਸ਼ਾ ਵਸਤੂ ਹੁੰਦਾ ਹੈ, ਨਾ ਕੋਈ ਨਵਾਂਪਣ ਅਤੇ ਨਾ ਹੀ ਪੇਸ਼ਕਾਰੀ ਤਾਂ ਫ਼ਿਰ ਦਰਸ਼ਕ ਇਨ੍ਹਾਂ ਫ਼ਿਲਮਾਂ ਨੂੰ ਦੇਖਣ ਕਿਉਂ ਜਾਣ? ਦਰਅਸਲ ਨਵੇਂ ਦੌਰ ਦੇ ਫ਼ਿਲਮਸਾਜ਼ ਅਲੱਗ ਥਲੱਗ ਫ਼ਿਲਮਾਂ ਦੇ ਨਾਂ ‘ਤੇ ਵਿਸ਼ਾ ਵਸਤੂ ਦੀ ਦੁਹਾਈ ਦਿੰਦੇ ਰਹਿੰਦੇ ਹਨ, ਪਰ ਆਮ ਦਰਸ਼ਕ ਇਨ੍ਹਾਂ ਨੂੰ ਦੇਖਣਾ ਪਸੰਦ ਨਹੀਂ ਕਰਦੇ ਕਿਉਂਕਿ ਉਸ ਵਿੱਚ ਉਨ੍ਹਾਂ ਦੀ ਕੋਰੀ ਬੌਧਿਕਤਾ ਹੁੰਦੀ ਹੈ ਜੋ ਉਨ੍ਹਾਂ ਦੇ ਸਿਰ ਤੋਂ ਗੁਜ਼ਰ ਜਾਂਦੀ ਹੈ। ਇਹ ਉਹੀ ਦਰਸ਼ਕ ਹਨ ਜਿਨ੍ਹਾਂ ਨੂੰ ਅਜਿਹੀਆਂ ਫ਼ਿਲਮਾਂ ਦੀ ਬਜਾਏ ਭਾਰਤ ਵਰਗੀ ਸ਼ੁੱਧ ਕਮਰਸ਼ਲ ਫ਼ਿਲਮ ਵਿੱਚ ਵੀ ਵਿਸ਼ੇ ਦੀ ਅਣਹੋਂਦ ਮਹਿਸੂਸ ਨਹੀਂ ਹੁੰਦੀ।
ਉਂਝ ਫ਼ਿਲਮਾਂ ਵਿੱਚ ਚੰਗੀ ਪਟਕਥਾ ਦੀ ਘਾਟ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ। ਫ਼ਿਲਮਸਾਜ਼ ਗ਼ੁਲਜ਼ਾਰ ਦਾ ਇਸ ਵਿਸ਼ੇ ‘ਤੇ ਜਵਾਬ ਬਹੁਤ ਰੌਚਕ ਹੈ, ”ਸਾਹਿਤ ਨਾਲ ਫ਼ਿਲਮਾਂ ਦਾ ਸਬੰਧ ਇਕਦਮ ਖ਼ਤਮ ਹੋ ਚੁੱਕਾ ਹੈ। ਹਿੰਦੀ ਵਿੱਚ ਹੀ ਨਹੀਂ, ਖੇਤਰੀ ਭਾਸ਼ਾਵਾਂ ਵਿੱਚ ਵੀ ਇਸ ਤਰ੍ਹਾਂ ਦਾ ਸਾਹਿਤ ਹੈ ਜਿਸ ‘ਤੇ ਬਹੁਤ ਖ਼ੂਬਸੂਰਤ ਫ਼ਿਲਮਾਂ ਬਣ ਸਕਦੀਆਂ ਹਨ। ਅਸਲ ਵਿੱਚ ਇਸ ਸਮੇਂ ਅਸੀਂ ਫ਼ਿਲਮ ਤਕਨੀਕ ਦੇ ਮਾਮਲੇ ਵਿੱਚ ਜਿੰਨਾ ਅੱਗੇ ਵਧੇ ਹਾਂ, ਸੋਚ ਦੇ ਮਾਮਲੇ ਵਿੱਚ ਓਨੇ ਅੱਗੇ ਨਹੀਂ ਵਧ ਸਕੇ।”
ਪੁਰਾਣੇ ਸਮੇਂ ਵਿੱਚ ਜਦੋਂ ਕੋਈ ਲੇਖਕ ਕਿਸੇ ਫ਼ਿਲਮ ਦੀ ਪਟਕਥਾ ਤਿਆਰ ਕਰਦਾ ਸੀ ਤਾਂ ਉਸ ਦੇ ਮਨ ਵਿੱਚ ਦਰਸ਼ਕ ਸਭ ਤੋਂ ਉੱਪਰ ਹੁੰਦਾ ਸੀ। ਗ਼ੁਲਜ਼ਾਰ ਵੀ ਇਸ ਗੱਲ ਨੂੰ ਮੰਨਦੈ ਕਿ ਸਾਰੀਆਂ ਫ਼ਿਲਮਾਂ ਸਾਰੇ ਦਰਸ਼ਕਾਂ ਲਈ ਨਹੀਂ ਹੁੰਦੀਆਂ। ਉਸ ਮੁਤਾਬਕ, ਤੁਹਾਨੂੰ ਪਹਿਲਾਂ ਹੀ ਤੈਅ ਕਰਨਾ ਹੋਵੇਗਾ ਕਿ ਇਹ ਫ਼ਿਲਮ ਤੁਸੀਂ ਕਿਸ ਲਈ ਬਣਾ ਰਹੇ ਹੋ।