ਬੌਲੀਵੁਡ ‘ਚ ਸਫ਼ਲਤਾ ਹਾਸਲ ਕਰਨਾ ਹਰ ਕਿਸੇ ਲਈ ਸੌਖਾ ਨਹੀਂ ਹੁੰਦਾ। ਕੈਮਰਿਆਂ ਦੀ ਲਿਸ਼ਕੋਰ ਪਿੱਛੇ ਸਿਤਾਰਿਆਂ ਦੀ ਅਸਲ ਜ਼ਿੰਦਗੀ ਹੁੰਦੀ ਹੈ ਜਿਸ ‘ਚ ਸੰਘਰਸ਼ ਹੁੰਦਾ ਹੈ, ਅਤੇ ਕਈ ਤਰ੍ਹਾਂ ਦੀਆਂ ਤਕਲੀਫ਼ਾਂ ਹੁੰਦੀਆਂ ਹਨ। ਇੱਕ ਫ਼ਿਲਮ, ਵੀਡੀਓ ਜਾਂ ਤਸਵੀਰ ਫ਼ਿਲਮ ਇੰਡਸਟਰੀ ‘ਚ ਤੁਹਾਡੀ ਕਿਸਮਤ ਪਲਟ ਸਕਦੀ ਹੈ। ਹਾਲਾਂਕਿ ਇਸ ਲਈ ਟੈਲੈਂਟ ਹੋਣਾ ਵੀ ਜ਼ਰੂਰੀ ਹੈ। ਬੌਲੀਵੁਡ ‘ਚ ਅਜਿਹੇ ਬਹੁਤ ਸਾਰੇ ਸਿਤਾਰੇ ਹਨ ਜਿਨ੍ਹਾਂ ਨੇ ਹਿੱਟ ਫ਼ਿਲਮਾਂ ਦਿੱਤੀਆਂ ਅਤੇ ਹੁਣ ਇੰਡਸਟਰੀ ‘ਚ ਖ਼ੂਬ ਸ਼ੌਹਰਤ ਕਮਾ ਰਹੇ ਹਨ। ਨਾਮੀ ਸਿਤਾਰਿਆਂ ਦੀ ਸੈਲਰੀ ਸਮੇਂ-ਸਮੇਂ ‘ਤੇ ਚਰਚਾ ‘ਚ ਰਹੀ ਹੈ। ਆਓ ਜਾਣਦੇ ਹਾਂ ਅਜਿਹੇ ਹੀ ਕੁੱਝ ਸਿਤਾਰਿਆਂ ਦੀ ਫ਼ੀਸ ਬਾਰੇ …
ਰਿਤਿਕ ਰੌਸ਼ਨ
ਕੋਈ ਮਿਲ ਗਿਆ, ਕ੍ਰਿਸ਼ ਅਤੇ ਧੂਮ 2 ਵਰਗੀਆਂ ਫ਼ਿਲਮਾਂ ਨਾਲ ਬੌਲੀਵੁਡ ‘ਚ ਛਾ ਜਾਣ ਵਾਲੇ ਐਕਟਰ ਰਿਤਿਕ ਰੌਸ਼ਨ ਬਾਰੇ ‘ਚ ਖ਼ਬਰ ਹੈ ਕਿ ਯਸ਼ਰਾਜ ਫ਼ਿਲਮਜ਼ ਦੀ ਅਗਲੀ ਫ਼ਿਲਮ, ਜਿਸ ਵਿੱਚ ਰਿਤਿਕ ਦੇ ਨਾਲ ਟਾਈਗਰ ਸ਼ੈਰੌਫ਼ ਵੀ ਹੋਵੇਗਾ, ਲਈ ਉਸ ਨੇ ਆਪਣੀ ਫ਼ੀਸ ‘ਚ ਵਾਧਾ ਕਰ ਦਿੱਤਾ ਹੈ। ਇੱਕ ਫ਼ਿਲਮ ਦੇ ਕਰੀਬ 40 ਕਰੋੜ ਰੁਪਏ ਚਾਰਜ ਕਰਨ ਵਾਲੇ ਰਿਤਿਕ, ਟਾਈਗਰ ਸ਼ੈਰੌਫ਼ ਨਾਲ ਇਸ ਫ਼ਿਲਮ ‘ਚ ਕੰਮ ਕਰਨ ਲਈ 48 ਕਰੋੜ ਰੁਪਏ ਚਾਰਜ ਕਰ ਰਿਹਾ ਹੈ। ਇਹ ਇੱਕ ਵੱਡੀ ਐਕਸ਼ਨ ਫ਼ਿਲਮ ਹੈ, ਪਰ ਇਸ ਦਾ ਨਾਮ ਹਾਲੇ ਨਹੀਂ ਰੱਖਿਆ ਗਿਆ। ਚਰਚਾ ਹੈ ਕਿ ਇਸ ਦਾ ਨਾਮ ਫ਼ਾਈਟਰਜ਼ ਹੋ ਸਕਦਾ ਹੈ।
ਕਰੀਨਾ ਕਪੂਰ
ਕਰੀਨਾ ਕਪੂਰ ਬੌਲੀਵੁਡ ਦੀਆਂ ਸਭ ਤੋਂ ਮਸ਼ਹੂਰ ਅਦਾਕਾਰਾਂ ‘ਚੋਂ ਇੱਕ ਹੈ। ਦੇਸ਼ਾਂ-ਵਿਦੇਸ਼ਾਂ ‘ਚ ਉਨ੍ਹਾਂ ਦੇ ਕਈ ਦੀਵਾਨੇ ਹਨ। ਖ਼ਬਰ ਹੈ ਕਿ ਕਰੀਨਾ ਦੀ ਸਾਲ 2018 ‘ਚ ਆਈ ਕਮਬੈਕ ਫ਼ਿਲਮ ਵੀਰੇ ਦੀ ਵੈਡਿੰਗ ਤੋਂ ਬਾਅਦ ਉਨ੍ਹਾਂ ਨੇ ਆਪਣੀ ਫ਼ੀਸ 50 ਫ਼ੀਸਦੀ ਵਧਾ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਕਰੀਨਾ ਨੇ ਫ਼ਿਲਮ ਵੀਰੇ ਦੀ ਵੈਡਿੰਗ ਲਈ ਸੱਤ ਕਰੋੜ ਰੁਪਏ ਲਏ ਸਨ ਅਤੇ ਹੁਣ ਉਹ ਆਪਣੇ ਅਗਲੇ ਪ੍ਰੌਜੈਕਟਸ ਅਤੇ ਕਰਨ ਜੌਹਰ ਦੀ ਆਉਣ ਵਾਲੀ ਫ਼ਿਲਮ ਤਖ਼ਤ ਲਈ 10 ਕਰੋੜ ਰੁਪਏ ਚਾਰਜ ਕਰ ਰਹੀ ਹੈ। ਹਾਲਾਂਕਿ ਇਹ ਰਕਮ ਕਰੀਨਾ ਦੇ ਕੰਮ ਕਰਨ ਦੇ ਦਿਨਾਂ ਦੇ ਹਿਸਾਬ ਨਾਲ ਘੱਟ ਜਾਂ ਜ਼ਿਆਦਾ ਕੀਤੀ ਜਾ ਸਕਦੀ ਹੈ।
ਦੀਪਿਕਾ ਪਾਦੁਕੋਣ
ਬੌਲੀਵੁਡ ਦੀ ਮਸਤਾਨੀ ਦੀਪਿਕਾ ਪਾਦੁਕੋਣ ਕੋਲ ਫ਼ਿਲਹਾਲ ਕਾਫ਼ੀ ਵਧੀਆ ਪ੍ਰੌਜੈਕਟਸ ਹਨ। ਸਾਲ 2018 ‘ਚ ਪਦਮਾਵਤ ਵਰਗੀ ਬਲੌਕਬਸਟਰ ਫ਼ਿਲਮ ਦੇਣ ਤੋਂ ਬਾਅਦ ਹੁਣ ਦੀਪਿਕਾ ਇੱਕ ਵਾਰ ਫ਼ਿਰ ਰਣਵੀਰ ਸਿੰਘ ਨਾਲ ਕੰਮ ਕਰਨ ਜਾ ਰਹੀ ਹੈ। ਦੀਪਿਕਾ ਇਸ ਵਾਰ ਰਣਵੀਰ ਨਾਲ ਡਾਇਰੈਕਟਰ ਕਬੀਰ ਖ਼ਾਨ ਦੀ ਫ਼ਿਲਮ 83 ‘ਚ ਕੰਮ ਕਰ ਰਹੀ ਹੈ। ਇਸ ਫ਼ਿਲਮ ‘ਚ ਉਹ ਕਪਿਲ ਦੇਵ ਦੀ ਪਤਨੀ ਰੋਮੀ ਭਾਟੀਆ ਦਾ ਕਿਰਦਾਰ ਨਿਭਾਏਗੀ। ਖ਼ਬਰ ਹੈ ਕਿ ਇਸ ਫ਼ਿਲਮ ਲਈ ਦੀਪਿਕਾ ਨੇ ਆਪਣੀ ਫ਼ੀਸ ਵਧਾ ਕੇ 14 ਕਰੋੜ ਕਰ ਦਿੱਤੀ ਹੈ। ਦੀਪਿਕਾ ਨੂੰ ਫ਼ਿਲਮ ਪਦਮਾਵਤ ਦੇ ਸਮੇਂ 11 ਤੋਂ 13 ਕਰੋੜ ਰੁਪਏ ਦਿੱਤੇ ਗਏ ਸਨ।
ਰਣਵੀਰ ਸਿੰਘ
ਸਾਲ 2018 ਤੋਂ ਲੈ ਕੇ ਹੁਣ ਤਕ ਇੱਕ ਤੋਂ ਬਾਅਦ ਇੱਕ ਤਿੰਨ ਸੁਪਰਹਿਟ ਫ਼ਿਲਮਾਂ ਪਦਮਾਵਤ, ਸਿੰਬਾ ਅਤੇ ਗਲੀ ਬੁਆਏ ਦੇਣ ਤੋਂ ਬਾਅਦ ਰਣਵੀਰ ਸਿੰਘ ਆਪਣੇ ਕਰੀਅਰ ਦੀਆਂ ਉੱਚਾਈਆਂ ‘ਤੇ ਹੈ। ਅਜਿਹੇ ‘ਚ ਰਣਵੀਰ ਨੇ ਆਪਣੀ ਆਉਣ ਵਾਲੀ ਫ਼ਿਲਮ 83 ਦੇ ਪ੍ਰੋਡਿਊਸਰ ਨਾਲ ਫ਼ਿਲਮ ਦੇ ਮੁਨਾਫ਼ੇ ਦਾ ਇੱਕ ਹਿੱਸਾ ਲੈਣ ਦੀ ਡੀਲ ਸਾਇਨ ਕੀਤੀ ਹੈ। ਇਸ ਫ਼ਿਲਮ ਦੇ ਮੁਨਾਫ਼ੇ ਦੇ ਹਿੱਸੇ ਨੂੰ ਰਣਵੀਰ ਲਈ ਪਲੈਨ ਕਰ ਕੇ ਰੱਖਿਆ ਗਿਆ ਹੈ ਅਤੇ ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਜੋ ਵੀ ਮੁਨਾਫ਼ਾ ਹੋਵੇਗਾ, ਉਸ ‘ਚ ਇੱਕ ਤੈਅ ਹਿੱਸਾ ਰਣਵੀਰ ਨੂੰ ਵੀ ਦਿੱਤਾ ਜਾਵੇਗਾ। ਸਿਰਫ਼ 83 ਹੀ ਨਹੀਂ ਸਗੋਂ ਰਣਵੀਰ ਹੁਣ ਤੋਂ ਆਪਣੀ ਆਉਣ ਵਾਲੀ ਹਰ ਫ਼ਿਲਮ ਦੇ ਮੁਨਾਫ਼ੇ ਦਾ ਇੱਕ ਹਿੱਸਾ ਲਿਆ ਕਰੇਗਾ।
ਵਰੁਣ ਧਵਨ
ਬੌਲੀਵੁਡ ‘ਚ ਵਰੁਣ ਧਵਨ ਵਰਗਾ ਸਟਾਰਡਮ ਸ਼ਾਇਦ ਹੀ ਕਿਸੇ ਨੇ ਦੇਖਿਆ ਹੋਵੇਗਾ। ਲਗਾਤਾਰ 11 ਹਿੱਟ ਫ਼ਿਲਮਾਂ ਦੇਣ ਤੋਂ ਬਾਅਦ ਵਰੁਣ ਦਾ ਕਰੀਅਰ ਗਰਾਫ਼ ਬਹੁਤ ਉੱਤੇ ਜਾ ਰਿਹਾ ਹੈ। ਉਹ ਡਾਇਰੈਕਟਰ ਰੇਮੋ ਡਿਸੂਜ਼ਾ ਦੀ ਫ਼ਿਲਮ ਸਟਰੀਟ ਡਾਂਸਰ ‘ਚ ਆਪਣੇ ਕੰਮ ਲਈ ਜ਼ਿਆਦਾ ਪੈਸਾ ਲੈ ਰਿਹਾ ਹੈ। ਖ਼ਬਰ ਹੈ ਕਿ ਵਰੁਣ ਇਸ ਫ਼ਿਲਮ ਲਈ 21 ਕਰੋੜ ਰੁਪਏ ਚਾਰਜ ਕਰ ਰਿਹਾ ਹੈ ਜਿਸ ਨਾਲ ਹੀ ਉਹ ਆਪਣੀ ਜੈਨਰੇਸ਼ਨ ਦਾ ਸਭ ਤੋਂ ਜ਼ਿਆਦਾ ਪੈਸੇ ਕਮਾਉਣ ਵਾਲਾ ਐਕਟਰ ਬਣ ਗਿਆ ਹੈ।