ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਨਸ਼ਨ

ਡਾ. ਹਰਿੰਦਰਪਾਲ ਸਿੰਘ –
ਕਾਫ਼ੀ ਸਮੇਂ ਤਕ ਵਿਅਕਤੀ ਨੂੰ ਇਸ ਬਿਮਾਰੀ ਬਾਰੇ ਪਤਾ ਨਹੀਂ ਲਗਦਾ, ਪਰ ਫ਼ਿਰ ਹੌਲੀ-ਹੌਲੀ ਕੁੱਝ ਲੱਛਣ ਸਾਹਮਣੇ ਆਉਣ ਲਗਦੇ ਹਨ, ਜਿਵੇਂ ਸਿਰਦਰਦ, ਚੱਕਰ ਆਉਣਾ, ਸਾਹ ਦੀ ਤਕਲੀਫ਼, ਨੀਂਦ ਨਾ ਆਉਣਾ, ਆਦਿ।
ਹਾਈ ਬਲੱਡ ਪ੍ਰੈਸ਼ਰ ਦਾ ਨਾਂ ਸੁਣਦਿਆਂ ਹੀ ਸਾਡੇ ਸਾਰਿਆਂ ਦੇ ਕੰਨ ਖੜ੍ਹੇ ਹੋ ਜਾਂਦੇ ਹਨ। ਆਮ ਜਿਹੀ ਸਮਝੀ ਜਾਣ ਵਾਲੀ ਇਹ ਬਿਮਾਰੀ ਕਦੋਂ ਜਾਨਲੇਵਾ ਸਾਬਿਤ ਹੋ ਜਾਂਦੀ ਹੈ, ਇਸ ਦਾ ਪਤਾ ਹੀ ਨਹੀਂ ਲਗਦਾ। ਪੂਰੇ ਵਿਸ਼ਵ ‘ਚ ਲਗਭਗ ਇੱਕ ਅਰਬ ਤੋਂ ਜ਼ਿਆਦਾ ਲੋਕ ਇਸ ਬਿਮਾਰੀ ਤੋਂ ਪੀੜਤ ਹਨ। ਅਮਰੀਕਾ ‘ਚ ਹਰ ਤੀਸਰਾ ਵਿਅਕਤੀ ਇਸ ਤੋਂ ਪੀੜਤ ਹੈ। ਕੈਲੇਫ਼ੋਰਨੀਆ ‘ਚ 25 ਫ਼ੀਸਦੀ ਔਰਤਾਂ ਇਸ ਸਮੱਸਿਆ ਨਾਲ ਜੂਝ ਰਹੀਆਂ ਹਨ। ਇੰਡੀਆ ‘ਚ ਵੀ 2.3 ਮਿਲੀਅਨ ਔਰਤਾਂ ਹਰ ਸਾਲ ਦਿਲ ਨਾਲ ਸਬੰਧਤ ਰੋਗਾਂ ਕਾਰਨ ਮੌਤ ਦੇ ਮੂੰਹ ‘ਚ ਚਲੀਆਂ ਜਾਂਦੀਆਂ ਹਨ। ਇਸ ਨੂੰ ਸਾਈਲੈਂਟ ਕਿਲਰ ਵੀ ਕਿਹਾ ਜਾਂਦਾ ਹੈ ਜੋ ਅੱਜ ਦੇ ਸਮੇਂ ਦੀ ਇੱਕ ਬੇਹੱਦ ਖ਼ਤਰਨਾਕ ਬਿਮਾਰੀ ਹੈ ਕਿਉਂਕਿ ਇਸ ਦੇ ਕੋਈ ਲੱਛਣ ਸਾਹਮਣੇ ਨਹੀਂ ਆਉਂਦੇ।
ਲੱਛਣ
ਕਾਫ਼ੀ ਸਮੇਂ ਤਕ ਵਿਅਕਤੀ ਨੂੰ ਇਸ ਬਿਮਾਰੀ ਦੇ ਹੋਣ ਬਾਰੇ ਪਤਾ ਹੀ ਨਹੀਂ ਲਗਦਾ। ਫ਼ਿਰ ਹੌਲੀ-ਹੌਲੀ ਕੁੱਝ ਲੱਛਣ ਸਾਹਮਣੇ ਆਉਣ ਲਗਦੇ ਹਨ ਜਿਵੇਂ ਸਿਰਦਰਦ, ਚੱਕਰ ਆਉਣਾ, ਕਮਜ਼ੋਰੀ, ਸਾਹ ਦੀ ਤਕਲੀਫ਼, ਨੀਂਦ ਨਾ ਆਉਣਾ, ਨੱਕ ‘ਚੋਂ ਖ਼ੂਨ ਵਗਣਾ ਜਾਂ ਹਾਰਟ ਅਟੈਕ, ਸਟ੍ਰੋਕ, ਕਿਡਨੀ ਦਾ ਫ਼ੇਲ੍ਹ ਹੋਣਾ, ਆਦਿ। ਵਿਸ਼ਵ ਸਿਹਤ ਸੰਸਥਾ ਅਨੁਸਾਰ ਬਿਠਾ ਕੇ ਚੈੱਕ ਕੀਤਾ ਗਿਆ ਬਲੱਡ ਪ੍ਰੈਸ਼ਰ ਹੀ ਸਹੀ ਹੁੰਦਾ ਹੈ ਅਤੇ ਇਹ ਹਮੇਸ਼ਾ ਖੱਬੀ ਬਾਂਹ ਦਾ ਹੀ ਲੈਣਾ ਚਾਹੀਦਾ ਹੈ।
ਹਾਈਪਰਟੈਨਸ਼ਨ
ਆਮ ਤੌਰ ‘ਤੇ ਅਸੀਂ ਹਾਈਪਰਟੈਨਸ਼ਨ ਨੂੰ ਨਜ਼ਰ-ਅੰਦਾਜ਼ ਕਰ ਦਿੰਦੇ ਹਾਂ, ਪਰ ਇਸ ਦਾ ਇਲਾਜ ਜ਼ਰੂਰੀ ਹੈ। ਹਾਈਪਰਟੈਨਸ਼ਨ ਦਾ ਇਲਾਜ ਸੰਭਵ ਵੀ ਹੈ। ਜੇ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਸਕਦੀਆਂ ਹਨ ਜਿਵੇਂ ਦਿਲ ਦਾ ਆਕਾਰ ਵੱਧ ਜਾਣਾ ਜੋ ਹਾਰਟ ਫ਼ੇਲ੍ਹ ਹੋਣ ਦਾ ਕਾਰਨ ਬਣਦਾ ਹੈ, ਬਲੱਡ ਵੈੱਸਲਜ਼ ‘ਚ ਛੋਟੇ ਥੱਕੇ ਬਣ ਜਾਣਾ, ਦਿਮਾਗ਼, ਲੱਤਾਂ, ਅੰਤੜੀਆਂ, ਤਿੱਲੀ ਅਤੇ ਗਿਰਦਿਆਂ ਦੀਆਂ ਆਰਟਰੀਜ਼ ਦਾ ਤੰਗ ਹੋ ਜਾਣਾ ਜੋ ਗੁਰਦਿਆਂ ਦੇ ਫ਼ੇਲ੍ਹ ਹੋਣ, ਹਾਰਟ ਅਟੈਕ, ਸਟ੍ਰੋਕ, ਆਦਿ ਦਾ ਕਾਰਨ ਬਣਦੇ ਹਨ।
ਬਲੱਡ ਪ੍ਰੈਸ਼ਰ ਵਧਣ ਦੇ ਕਾਰਨ
ਸਾਡੀ ਆਧੁਨਿਕ ਜੀਵਨਸ਼ੈਲੀ ‘ਚ ਗ਼ਲਤ ਤਰੀਕੇ ਦਾ ਖਾਣ-ਪੀਣ, ਤਨਾਅ, ਜ਼ਿਆਦਾ ਬੋਲਣਾ, ਉਤੇਜਨਾ, ਕੋਲੈਸਟਰੋਲ, ਜ਼ਿਆਦਾ ਚਰਬੀ, ਚਾਹ-ਕੌਫ਼ੀ ਜਾਂ ਉਤੇਜਕ ਪੀਣਯੋਗ ਪਦਾਰਥ, ਸ਼ਰਾਬ, ਸਿਗਰਟ, ਮੋਟਾਪਾ, ਸ਼ੂਗਰ, ਗੁਰਦੇ ਦੀ ਖ਼ਰਾਬੀ, ਤਲੇ ਹੋਏ ਅਤੇ ਮਿਰਚ ਮਸਾਲੇ ਵਾਲੇ ਭੋਜਨ, ਜ਼ਿਆਦਾ ਦਵਾਈਆਂ ਦਾ ਇਸਤੇਮਾਲ, ਜੰਕ ਫ਼ੂਡ, ਮੈਦਾ, ਮਿਠਾਈਆਂ, ਜ਼ਰੂਰਤ ਤੋਂ ਜਿਆਦਾ ਖਾਣਾ, ਚਿੰਤਾ, ਗੁੱਸਾ, ਡਰ, ਮਾਨਸਿਕ ਰੋਗ, ਪੇਟ ਅਤੇ ਪਿਸ਼ਾਬ ਦੀ ਪੁਰਾਣੀ ਬਿਮਾਰੀ ਹੋਣਾ ਆਦਿ ਬੱਲਡ ਪ੍ਰੈਸ਼ਰ ਵਧਣ ਦੇ ਕਾਰਨ ਹਨ।
ਜਦੋਂ ਕੋਈ ਵਿਅਕਤੀ ਡਾਕਟਰ ਕੋਲ ਜਾਂਦਾ ਹੈ ਤਾਂ ਉਸ ਨੂੰ ਜ਼ਿਆਦਾਤਰ ਨਾਈਟ੍ਰੇਟ ਯੁਕਤ ਦਵਾਈ ਖਾਣ ਨੂੰ ਦਿੱਤੀ ਜਾਂਦੀ ਹੈ ਜੋ ਦਿਲ ਦੀਆਂ ਧਮਣੀਆਂ ਖੋਲ੍ਹ ਦਿੰਦੀ ਹੈ, ਅਤੇ ਇਸ ਤਰ੍ਹਾਂ ਵਧਿਆ ਹੋਇਆ ਦਬਾਅ ਨੌਰਮਲ ਹੋ ਜਾਂਦਾ ਹੈ, ਪਰ ਇਹ ਦਵਾਈ ਆਰਟਰੀਜ਼ ਵਿਚਲੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਜੋ ਕੁਦਰਤੀ ਤਰੀਕੇ ਨਾਲ ਖ਼ੂਨ ਦੇ ਦਬਾਅ ਨੂੰ ਕੰਟਰੋਲ ਕਰਦੇ ਹਨ। ਨਾਈਟ੍ਰਿਕ ਔਕਸਾਈਡ ਅਣੂ ਦੀ ਖੋਜ ਦਵਾਈਆਂ ਦੀ ਦੁਨੀਆ ‘ਚ ਕ੍ਰਾਂਤੀਕਾਰੀ ਸਾਬਿਤ ਹੋਈ ਹੈ। ਨਾਈਟ੍ਰਿਕ ਔਕਸਾਈਡ ਇੱਕ ਤਰ੍ਹਾਂ ਦੀ ਗੈਸ ਹੈ ਜੋ ਸ਼ਰੀਰ ਦੁਆਰਾ ਹੀ ਪੈਦਾ ਕੀਤੀ ਜਾਂਦੀ ਹੈ। ਜਿੰਨੀ ਜ਼ਿਆਦਾ ਇਹ ਪੈਦਾ ਹੋਵੇਗੀ, ਓਨਾਂ ਹੀ ਬਲੱਡ ਪ੍ਰੈਸ਼ਰ ਕੰਟਰੋਲ ਰਹੇਗਾ। ਦਿਲ ‘ਚ ਸਥਿਤ ਧਮਣੀਆਂ ਦੀਆਂ ਦੀਵਾਰਾਂ ‘ਚ ਐਂਡੋਥੀਲੀਅਲ ਸੈੱਲ ਹੁੰਦੇ ਹਨ ਜੋ ਨਾਈਟ੍ਰਿਕ ਆਕਸਾਈਡ ਪੈਦਾ ਕਰਦੇ ਹਨ। ਇਹ ਗੈਸ ਧਮਣੀਆਂ ਦੇ ਪੱਠਿਆਂ ਦੇ ਸੈੱਲਾਂ ਨੂੰ ਕੁਦਰਤੀ ਤਰੀਕੇ ਨਾਲ ਸੁੰਗੜਨ ਅਤੇ ਫ਼ੈਲਣ ਦਾ ਸਿਗਨਲ ਭੇਜਦੇ ਹਨ ਜਿਸ ਨਾਲ ਖ਼ੂਨ ਦਾ ਦਬਾਅ ਨਿਯਮਿਤ ਰਹਿੰਦਾ ਹੈ। ਖ਼ੂਨ ਅਤੇ ਔਕਸੀਜਨ ਦੇ ਵਹਾਅ ‘ਚ ਵੀ ਵਾਧਾ ਹੁੰਦਾ ਹੈ। ਡਾਕਟਰ ਵਲੋਂ ਦਿੱਤੀਆਂ ਜਾਣ ਵਾਲੀਆਂ ਨਾਈਟ੍ਰੇਟ ਅਤੇ ਹੋਰ ਦਵਾਈਆਂ ਇਨ੍ਹਾਂ ਐਂਡੋਥੀਲੀਅਲ ਸੈੱਲਜ਼ ਅਤੇ ਸ਼ਰੀਰ ਦੀ ਕੁਦਰਤੀ ਤਰੀਕੇ ਨਾਲ ਖ਼ੂਨ ਦੇ ਦਬਾਅ ਨੂੰ ਨਿਯਮਿਤ ਕਰਨ ਦੀ ਯੋਗਤਾ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।
ਨਾਈਟ੍ਰਿਕ ਔਕਸਾਈਡ ਤੱਤ ਵਾਲੇ ਖ਼ੁਰਾਕੀ ਪਦਾਰਥ
ਐੱਲ ਆਰਜੇਨਾਈਨ: ਇਹ ਇੱਕ ਅਜਿਹਾ ਅਮੀਨੋ ਐਡਿ ਹੈ, ਜੋ ਨਾਈਟ੍ਰਿਕ ਔਕਸਾਈਡ ਦੀ ਮਾਤਰਾ ਨੂੰ ਵਧਾਉਂਦਾ ਹੈ। ਇਸ ਵਿੱਚ ਔਰਗੈਨਿਕ ਡੇਅਰੀ, ਮੂੰਗਫ਼ਲੀ, ਅਖਰੋਟ ਅਤੇ ਕੁੱਝ ਮਾਤਰਾ ‘ਚ ਚੌਕਲੇਟ ਹੁੰਦਾ ਹੈ।
ਐਂਟੀ ਔਕਸੀਡੈਂਟ ਯੁਕਤ ਕੋਕੋਆ: ਕੋਕੋਆ ਕਈ ਤਰ੍ਹਾਂ ਨਾਲ ਸ਼ਰੀਰ ਲਈ ਲਾਭਦਾਇਕ ਹੈ। ਕੋਕੋਆ ਵਿਚਲੇ ਫ਼ਲੈਵੋਨੌਈਡਜ਼ ਧਮਣੀਆਂ ਵਿਚਲੇ ਐਂਡੋਥੀਲੀਅਲ ਸੈੱਲਜ਼ ਨੂੰ ਨਾਈਟ੍ਰਿਕ ਔਕਸਾਈਡ ਪੈਦਾ ਕਰਨ ਲਈ ਐਕਟੀਵੇਟ ਕਰਦੇ ਹਨ। ਗੈਨੋਡਰਮਾ ਅਤੇ ਕੋਕੋਆ ਯੁਕਤ ਕੋਕੋਜ਼ੀ ਇੱਕ ਵਧੀਆ ਹੈੱਲਥ ਡਰਿੰਕ ਹੈ।
ਮੈਗਨੀਜ਼ੀਅਮ: ਮੈਗਨੀਜ਼ੀਅਮ ਲਹੂ ਦੇ ਕਣਾਂ ਨੂੰ ਟੋਨ ਕਰ ਕੇ ਧਮਣੀਆਂ ਨੂੰ ਲਚਕਦਾਰ ਬਣਾਈ ਰੱਖਦਾ ਹੈ। ਇਹ ਖ਼ੂਨ ਦੇ ਇਕਸਾਰ ਵਹਾ ਨੂੰ ਨਿਯਮਤ ਬਣਾਈ ਰੱਖਦਾ ਹੈ। ਇਸ ਨੂੰ ਜੇ ਵਾਇਟਾਮਿਨ B-6 ਨਾਲ ਲਿਆ ਜਾਵੇ ਤਾਂ ਜ਼ਿਆਦਾ ਵਧੀਆ ਹੈ।
ਛੋਥ-10: ਇਹ ਇੱਕ ਤਰ੍ਹਾਂ ਦਾ ਕੋ-ਐਨਜ਼ਾਈਮ ਹੈ ਜੋ ਚਰਬੀ ‘ਚ ਘੁਲਣਸ਼ੀਲ ਹੁੰਦਾ ਹੈ। ਇਹ ਲਹੂ ਦੇ ਕਣਾਂ ਵਿਚਲੇ ਫ਼ੈਟ ਨੂੰ ਘੱਟ ਕਰ ਕੇ ਫ਼ਰੀ ਰੈਡੀਕਲਜ਼ ਨੂੰ ਖ਼ਤਮ ਕਰਦਾ ਹੈ। 50 ਫ਼ੀਸਦੀ ਮਰੀਜ਼ ਤਾਂ ਸਿਰਫ਼ ਇਹ ਐਨਜ਼ਾਈਮ ਲੈਣ ਨਾਲ ਹੀ ਹਾਈਪਰਟੈਨਸ਼ਨ ਤੋਂ ਛੁਟਕਾਰਾ ਪਾ ਲੈਂਦੇ ਹਨ।
ਐੱਲ ਕੌਰਨੀਟਾਈਨ: ਹਰ ਤਰ੍ਹਾਂ ਦਾ ਜੀਵਨ ਸੈੱਲਾਂ ਵਿੱਚ ਸਥਿਤ ਕੌਰਨੀਟਾਈਨ ਦੀ ਊਰਜਾ ਦੀ ਉਪਜ ‘ਤੇ ਨਿਰਭਰ ਕਰਦਾ ਹੈ। ਤੁਹਾਡੇ ਦਿਲ ਵਿੱਚ ਵੀ ਇਹ ਧਮਣੀਆਂ ‘ਚ ਬਣੇ ਹੋਏ ਪਲੈਕ ਨੂੰ ਖ਼ਤਮ ਕਰਦਾ ਹੈ। ਇਸ ਤੋਂ ਇਲਾਵਾ ਇਹ LDL ਨੂੰ ਘੱਟ ਕਰ ਕੇ ਵਧੀਆ ਕੋਲੈਸਟਰੋਲ ਨੂੰ ਵਧਾਉਂਦਾ ਹੈ। ਇਹ ਰੈੱਡ ਮੀਟ ਅਤੇ ਔਰਗੈਨਿਕ ਡੇਅਰੀ ਪਦਾਰਥਾਂ ‘ਚ ਪਾਇਆ ਜਾਂਦਾ ਹੈ ਜਾਂ ਫ਼ਿਰ ਸਪਲੀਮੈਂਟ ਦੇ ਤੌਰ ‘ਤੇ ਲਿਆ ਜਾ ਸਕਦਾ ਹੈ।
ਗੈਨੋਡਰਮਾ: ਨਿਯਮਿਤ ਤੌਰ ‘ਤੇ ਇਸ ਦਾ ਇਸਤੇਮਾਲ ਕਰਨ ਵਾਲੇ ਨੂੰ ਦਿਲ ਦੀ ਕਦੇ ਕੋਈ ਤਕਲੀਫ਼ ਤੰਗ ਨਹੀਂ ਕਰਦੀ। ਇਸੇ ਲਈ ਇਸ ਨੂੰ ਕਿੰਗ ਔਫ਼ ਆਲ ਹਰਬਜ਼ ਕਿਹਾ ਜਾਂਦਾ ਹੈ।
ਕਸਰਤ: 15-20 ਮਿੰਟ ਕਸਰਤ ਕਰਨ ਨਾਲ ਸ਼ਰੀਰ ‘ਚ ਨਾਈਟ੍ਰਿਕ ਔਕਸਾਈਡ ਸਿੰਥੇਸ-ਐਨਜ਼ਾਈਮ ਵਿੱਚ ਵਾਧਾ ਹੁੰਦਾ ਹੈ ਜੋ ਨਾਇਟ੍ਰਿਕ ਔਕਸਾਈਡ ਦੀ ਪੈਦਾਵਾਰ ਨੂੰ ਉਤਸ਼ਾਹਿਤ ਕਰਦਾ ਹੈ।
ਵਾਇਟਾਮਿਨ C ਅਤੇ E: ਇਹ ਨਿਊਟ੍ਰੀਐਂਟ ਸ਼ਰੀਰ ‘ਚ ਨਾਈਟ੍ਰਿਕ ਔਕਸਾਈਡ ਦੇ ਲੈਵਲ ਨੂੰ ਸੋਖ ਕੇ ਰੱਖਦੇ ਹਨ। ਖੱਟੇ ਫ਼ਲ, ਬਰੌਕਲੀ, ਬਲੂਬੈਰੀ, ਸੂਰਜਮੁਖੀ ਦੇ ਬੀਜ, ਬਦਾਮ, ਅਖਰੋਟ, ਅੰਬ, ਨਾਰੀਅਲ ਦਾ ਤੇਲ, ਟਮਾਟਰ ਅਤੇ ਹਰੇ ਪੱਤੇਦਾਰ ਸਬਜ਼ੀਆਂ ਇਸ ਦੇ ਮੁੱਖ ਸਰੋਤ ਹਨ। ਅੰਗੂਰ ਦੇ ਬੀਜਾਂ ਦਾ ਸਤ ਵੀ ਨਾਈਟ੍ਰਿਕ ਔਕਸਾਈਡ ਦੀ ਉਪਜ ਨੂੰ ਉਤਸ਼ਾਹਿਤ ਕਰਦਾ ਹੈ।

ਖ਼ੂਨ ਨੂੰ ਪਤਲਾ ਕਰਨ ਵਾਲੇ ਭੋਜਨ ਪਦਾਰਥ: ਅਦਰਕ, ਲਸਣ, ਲਾਲ ਮਿਰਚ, ਹਲਦੀ, ਲਿਕੋਰਾਈਸ, ਪਿਪਰਮਿੰਟ, ਕੜ੍ਹੀ ਪਾਊਡਰ, ਪਪਰੀਕਾ, ਸਿਰਕਾ, ਸ਼ਹਿਦ, ਬਰੋਕਲੀ, ਐਵੋਕੇਡਸ, ਗੋਭੀ ਆਦਿ।
ਹਾਈਪਰਟੈਂਸ਼ਨ ਘੱਟ ਕਰਨ ਵਾਲੇ ਖਾਧ ਪਦਾਰਥ: ਗਾਜਰ, ਔਲਾ, ਕੱਦੂ, ਘੀਆ, ਚੁਕੰਦਰ, ਮੇਥੀ, ਦਹੀਂ, ਸੁਪਾਰੀ, ਚੋਕਰ ਵਾਲਾ ਆਟਾ, ਮੋਰਿੰਜੀ ਜੂਸ, ਮੂਲੀ, ਹਰੀਆਂ ਸਬਜ਼ੀਆਂ ਅਤੇ ਤਾਜ਼ੇ ਫ਼ਲ।
ਜੂਸ: ਟਮਾਟਰ, ਅਨਾਰ, ਸੰਤਰਾ, ਪਪੀਤਾ, ਨਿੰਬੂ, ਚੁਕੰਦਰ, ਲਸਣ, ਵ੍ਹੀਟ ਗਰਾਸ, ਆਦਿ।
ਪਰਹੇਜ਼: ਚਾਹ, ਤਲੀਆਂ ਚੀਜ਼ਾਂ, ਕੌਫ਼ੀ, ਸਿਗਰਟ, ਸ਼ਰਾਬ, ਮਾਸਾਹਾਰੀ ਚੀਜ਼ਾਂ, ਡੇਅਰੀ ਪ੍ਰੌਡਕਟਸ, ਮਿਠਾਈਆਂ, ਬੇਕਰੀ, ਸੋਇਆਬੀਨ, ਤੇਜ਼ ਮਸਾਲੇ ਅਤੇ ਡੱਬਾਬੰਦ ਫ਼ਾਸਟ ਫ਼ੂਡ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ।