ਸ਼ਾਹਰੁਖ਼ ਨਾਲ ਫ਼ਿਲਮ ‘ਚ ਲੀਡ ਕਿਰਦਾਰ ਨਿਭਾਏਗਾ ਬੇਟਾ ਆਰਿਅਨ

ਬਾਪ-ਬੇਟੇ ਦੀ ਪਿਛਲੇ 25 ਸਾਲ ਤੋਂ ਸਭ ਤੋਂ ਹਿੱਟ ਕਹਾਣੀ ਦਾ ਲਾਇਨ ਕਿੰਗ ਇਸ ਵਾਰ ਜਦੋਂ ਨਵੇਂ ਰੰਗ-ਰੂਪ ‘ਚ ਭਾਰਤ ਪਹੁੰਚੇਗੀ ਤਾਂ ਡਿਜ਼ਨੀ ਇੰਡੀਆ ਇੱਕ ਨਵਾਂ ਇਤਿਹਾਸ ਰਚੇਗੀ। ਜੀ ਹਾਂ, ਦੇਸ਼ ਦੇ ਸਾਰੇ ਵੱਡੇ ਸਟੂਡੀਓਜ਼ ਜਿਹੜੀਆਂ ਕੋਸ਼ਿਸ਼ਾਂ ‘ਚ ਕਾਮਯਾਬ ਨਾ ਹੋ ਸਕੇ, ਉਹ ਕਾਰਨਾਮਾ ਡਿਜ਼ਨੀ ਨੇ ਕਰ ਦਿਖਾਇਆ ਹੈ ਅਤੇ ਇਹ ਕਾਰਨਾਮਾ ਹੈ ਕਿੰਗ ਖ਼ਾਨ ਸ਼ਾਹਰੁਖ਼ ਦੇ 21 ਸਾਲ ਦੇ ਬੇਟੇ ਆਰਿਅਨ ਨੂੰ ਕਿਸੇ ਫ਼ਿਲਮ ਦੇ ਲੀਡ ਕਿਰਦਾਰ ਲਈ ਰਾਜ਼ੀ ਕਰ ਲੈਣਾ। ਸ਼ਾਹਰੁਖ਼ ਅਤੇ ਆਰਿਅਨ ਇਸ ਫ਼ਿਲਮ ‘ਚ ਵੱਡੇ ਪਰਦੇ ‘ਤੇ ਪਿਓ-ਪੁੱਤ ਦੀ ਹੀ ਅਹਿਮ ਭੂਮਿਕਾ ‘ਚ ਸੁਣਾਈ ਦੇਣਗੇ।
ਜੀ ਹਾਂ, ਦਿਖਾਈ ਇਸ ਲਈ ਨਹੀਂ ਦੇਣਗੇ ਕਿਉਂਕਿ ਇਹ ਦੋਹੇਂ ਇਕੱਠੇ ਕੰਮ ਕਰਨ ਜਾ ਰਹੇ ਹਨ ਫ਼ਿਲਮ ਦਾ ਲਾਇਨ ਕਿੰਗ ਵਿੱਚ। ਤਿੰਨ ਸਾਲ ਪਹਿਲਾਂ ਆਪਣੀ ਇੱਕ ਹਿੱਟ ਕਹਾਣੀ ਦਾ ਜੰਗਲ ਬੁੱਕ ਨੂੰ ਨਵੇਂ ਅੰਦਾਜ਼ ‘ਚ ਪੇਸ਼ ਕਰ ਕੇ ਭਾਰਤ ‘ਚ ਕਾਮਯਾਬੀ ਦਾ ਸਵਾਦ ਲੈ ਚੁੱਕੀ ਅੰਤਰਰਾਸ਼ਟਰੀ ਕੰਪਨੀ ਡਿਜ਼ਨੀ ਹੁਣ ਆਪਣੀ ਇੱਕ ਹੋਰ ਸੁਪਰਹਿੱਟ ਫ਼ਿਲਮ ਦਾ ਲਾਇਨ ਕਿੰਗ ਦਾ ਨਵਾਂ ਵਰਯਨ ਅਗਲੇ ਮਹੀਨੇ ਰਿਲੀਜ਼ ਕਰਨ ਜਾ ਰਹੀ ਹੈ। ਦਾ ਲਾਇਨ ਕਿੰਗ ਦੇ ਇਸ ਵਰਯਨ ‘ਚ ਐਨੀਮੇਸ਼ਨ ਦੀ ਨਵੀਂ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਫ਼ਿਲਮ ਦੀ ਕਹਾਣੀ ਜੰਗਲ ਦੇ ਰਾਜਾ ਮੁਫ਼ਾਸਾ ਅਤੇ ਉਨ੍ਹਾਂ ਦੇ ਬੇਟੇ ਸਿੰਬਾ ਦੀ ਹੈ। ਦਾ ਲਾਇਨ ਕਿੰਗ ਦੇ ਹਿੰਦੀ ਵਰਯਨ ‘ਚ ਮੁਫ਼ਾਸਾ ਦੀ ਆਵਾਜ਼ ਬਣੇ ਹਨ ਸ਼ਾਹਰੁਖ਼ ਖ਼ਾਨ ਅਤੇ ਸਿੰਬਾ ਦੀ ਆਵਾਜ਼ ਬਣੇ ਹਨ ਆਰੀਅਨ।
ਇੱਕ ਇੰਟਰਵਿਊ ਦੌਰਾਨ ਸ਼ਾਹਰੁਖ਼ ਖ਼ਾਨ ਨੇ ਕਿਹਾ, ”ਦਾ ਲਾਇਨ ਕਿੰਗ ਇੱਕ ਅਜਿਹੀ ਫ਼ਿਲਮ ਹੈ ਜਿਸ ‘ਤੇ ਮੇਰਾ ਪੂਰਾ ਪਰਿਵਾਰ ਫ਼ਿਦਾ ਰਿਹਾ ਹੈ। ਸਾਡੇ ਦਿਲ ‘ਚ ਇਸ ਫ਼ਿਲਮ ਲਈ ਹਮੇਸ਼ਾ ਇੱਕ ਖ਼ਾਸ ਜਗ੍ਹਾ ਰਹੇਗੀ। ਇੱਕ ਪਿਤਾ ਦੇ ਤੌਰ ‘ਤੇ ਮੈਂ ਮੁਫ਼ਾਸਾ ਦੇ ਕਿਰਦਾਰ ਨੂੰ ਸ਼ਿੱਦਤ ਨਾਲ ਮਹਿਸੂਸ ਕਰ ਸਕਦਾ ਹਾਂ ਅਤੇ ਜਿਵੇਂ ਦਾ ਰਿਸ਼ਤਾ ਮੈਂ ਆਪਣੇ ਬੇਟੇ ਨਾਲ ਸਾਂਝਾ ਕਰਦਾ ਹਾਂ, ਉਹ ਮੇਰੇ ਦਿਲ ਦੇ ਬਹੁਤ ਕਰੀਬ ਹੈ। ਦਾ ਲਾਇਨ ਕਿੰਗ ਦੀ ਵਿਰਾਸਤ ਸਮੇਂ ਤੋਂ ਪਰੇ ਹੈ ਅਤੇ ਇਸ ਕਹਾਣੀ ਦੇ ਨਵੇਂ ਅੰਦਾਜ਼ ‘ਚ ਆਪਣੇ ਬੇਟੇ ਨਾਲ ਕੰਮ ਕਰਨਾ ਹੀ ਇਸ ਨੂੰ ਮੇਰੇ ਲਈ ਹੋਰ ਵੀ ਖ਼ਾਸ ਬਣਾ ਦਿੰਦਾ ਹੈ। ਅਸੀਂ ਸਾਰੇ ਇਸ ਗੱਲ ਨੂੰ ਲੈ ਕੇ ਜ਼ਿਆਦਾ ਉਤਸ਼ਾਹਿਤ ਹਾਂ ਕਿ ਐਬਰਾਮ ਇਸ ਫ਼ਿਲਮ ਨੂੰ ਦੇਖਣ ਵਾਲਾ ਹੈ।”