ਵਿਸ਼ਵ ਕੱਪ ‘ਚ ਸੋਸ਼ਲ ਮੀਡੀਆ ‘ਤੇ ਐਪ ਬਦਲ ਰਹੇ ਨੇ ਸਟੋਰੀਏ

ਨਵੀਂ ਦਿੱਲੀ – ਐਤਵਾਰ ਨੂੰ ਭਾਰਤ-ਪਾਕਿਸਤਾਨ ਵਿਚਕਾਰ ਵਿਸ਼ਵ ਕੱਪ ਮੈਚ ਤੋਂ ਬਾਅਦ ਜਦੋਂ ਅੰਕਿਤ ਖੰਨਾ (ਬਦਲਿਆ ਹੋਇਆ ਨਾਂ) ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਬਹੁਤ ਆਤਮ-ਵਿਸ਼ਵਾਸ ਨਾਲ ਦੱਸਿਆ ਕਿ ਇਸ ਮੈਚ ‘ਚ ਕੋਈ ਵੀ ਨਤੀਜਾ ਨਿਕਲਦਾ, ਪਰ ਜਿੱਤਣਾ ਉਸ ਨੇ ਹੀ ਸੀ। ਖੰਨਾ ਨੇ ਇਸ ਭਾਰਤ-ਪਾਕਿਸਤਾਨ ਮੈਚ ‘ਤੇ ਲਗਭਗ ਤਿੰਨ ਲੱਖ ਰੁਪਏ ਦਾ ਸੱਟਾ ਲਾਇਆ ਸੀ।
ਖੰਨਾ ਤੋਂ ਜਦੋਂ ਇਸ ਆਤਮ-ਵਿਸ਼ਵਾਸ ਦੇ ਪਿੱਛੇ ਦਾ ਕਾਰਣ ਪੁੱਛਿਆ ਤਾਂ ਉਹ ਕਹਿੰਦਾ ਹੈ, ”ਐਤਵਾਰ ਨੂੰ ਮੈਚ ਦੌਰਾਨ ਉਸ ਦਾ ਸਾਲਾ ਸਟੇਡੀਅਮ ‘ਚ ਗਿਆ, ਅਤੇ ਉਸ ਨੂੰ ਟੈਲੀਵਿਜ਼ਨ ਤੋਂ ਪਹਿਲਾਂ ਹਰ ਗੇਂਦ ਦੀ ਅਪਡੇਟ ਮਿਲ ਰਹੀ ਸੀ।” ਉਸ ਨੇ ਕਿਹਾ ਕਿ ਉਹ ਆਪਣੀ ਬੋਲੀ ਲਾ ਰਿਹਾ ਸੀ ਅਤੇ ਸਭ ਕੁੱਝ ਉਸ ਦੇ ਹਿਸਾਬ ਨਾਲ ਚੱਲ ਰਿਹਾ ਸੀ, ਅਤੇ ਮੈਚ ਖ਼ਤਮ ਹੋਣ ਤਕ ਉਸ ਨੇ 6 ਲੱਖ ਰੁਪਏ ਕਮਾਏ। ਉਸ ਅਨੁਸਾਰ, ”ਹਰ ਕੋਈ ਮੈਸੇਜਿੰਗ ਐਪ ਦਾ ਇਸਤੇਮਾਲ ਕਰਦਾ ਹੈ। ਮੈਂ ਟੈਲੀਗ੍ਰਾਮ ‘ਤੇ ਹਾਂ।”
ਜਦੋਂ ਉਸ ਤੋਂ ਟੈਲੀਗ੍ਰਾਮ ਬਾਰੇ ਪੁੱਛਿਆ ਗਿਆ ਕਿ ਇਸ ‘ਤੇ ਪੈਸੇ ਦਾ ਲੈਣ-ਦੇਣ ਕਿਵੇਂ ਹੁੰਦਾ ਹੈ ਤਾਂ ਉਹ ਦੱਸਦਾ ਹੈ, ”ਅਕਸਰ ਪੇਟੀਐੱਮ, ਫ਼੍ਰੀ ਚਾਰਜ, ਮੋਬਿਕਵਿਕ ਵਰਗੇ ਮੋਬਾਇਲ ਵਾਲੇਟਸ ਜ਼ਰੀਏ।” ਇਸ ਲਈ ਐਂਡ ਟੂ ਐਂਡ ਐਨਕ੍ਰਿਪਸ਼ਨ, ਖ਼ੁਦ ਮੈਸੇਜ ਡਿਲੀਟ ਕਰ ਦੇਣ ਅਤੇ ਮੋਬਾਇਲ ਵਾਲੇਟ ਆਦਿ ਨਾਲ ਜੁੜੀਆਂ ਤਕਨੀਕਾਂ ਦਾ ਸਹਾਰਾ ਲਿਆ ਜਾਂਦਾ ਹੈ ਜਿਸ ਕਾਰਣ ਵਿਸ਼ਵ ਕੱਪ ਦੌਰਾਨ 200 ਅਰਬ ਡਾਲਰ ਤੋਂ ਵੱਧ ਦੇ ਧਨ ਟਰਾਂਸਫ਼ਰ ਨੂੰ ਟ੍ਰੈਕ ਕਰਨ ਲਈ ਪੁਲੀਸ ਕੋਲ ਕੋਈ ਤਰੀਕਾ ਮੌਜੂਦ ਨਹੀਂ। ਸੱਟੇ ਦੇ ਔਨਲਾਈਨ ਕਾਰੋਬਾਰ ‘ਚ ਅਸੀਮਿਤ ਬਦਲ ਮੌਜੂਦ ਹਨ।
ੀਫ਼ ਸੀਜ਼ਨ ਤੋਂ ਠੀਕ ਪਹਿਲਾਂ ਰਾਤੋ-ਰਾਤ ਛੂ-ਮੰਤਰ ਹੋ ਜਾਣ ਵਾਲੀਆਂ ਸੱਟੇਬਾਜ਼ੀ ਐਪਸ ਅਤੇ ਦੂਜੀਆਂ ਵਿਦੇਸ਼ੀ ਕਾਨੂੰਨੀ ਮਾਨਤਾ ਪ੍ਰਾਪਤ ਸੱਟੇਬਾਜ਼ੀ ਐਪਸ ‘ਚ ਲੋਕ ਦੂਜੇ ਤਰੀਕਿਆਂ ਨਾਲ ਸੱਟਾ ਲਾਉਂਦੇ ਹਨ। ਹਾਲਾਂਕਿ ਰਸਮੀ ਤੌਰ ‘ਤੇ ਹੋਟਲਾਂ ਦੇ ਕਮਰਿਆਂ ‘ਚ ਬਹੁਤ ਸਾਰੇ ਮੋਬਾਇਲਾਂ ਦੀ ਮਦਦ ਨਾਲ ਸੱਟਾ ਲਾਉਣ ਵਾਲੇ ਬੁਕੀਜ਼ ਹੁਣ ਇਨ੍ਹਾਂ ਐਪਸ ‘ਤੇ ਆ ਗਏ ਹਨ।
ਟੈਲੀਗ੍ਰਾਮ ਹੀ ਕਿਉਂ
ਦਿੱਲੀ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ, ਅੱਜ ਦੇ ਦਿਨਾਂ ‘ਚ ਸੱਟੇਬਾਜ਼ਾਂ ਵਿੱਚ ਟੈਲੀਗ੍ਰਾਮ ਸਭ ਤੋਂ ਮਸ਼ਹੂਰ ਐਪ ਹੈ। ਟੈਲੀਗ੍ਰਾਮ ਐਪ ਦੀ ਵੈੱਬਸਾਈਟ ‘ਤੇ ਲਿਖਿਆ ਹੈ ਕਿ ਟੈਲੀਗ੍ਰਾਮ ਦੀ ਮਦਦ ਨਾਲ ਤੁਸੀਂ ਮੈਸੇਜ, ਫ਼ੋਟੋ, ਵੀਡੀਓ ਅਤੇ ਫ਼ਾਈਲਾਂ ਭੇਜ ਸਕਦੇ ਹੋ ਅਤੇ ਦੋ ਲੱਖ ਲੋਕਾਂ ਤਕ ਦਾ ਸਮੂਹ ਜਾਂ ਚੈਨਲ ਬਣਾ ਸਕਦੇ ਹੋ। ਇਸ ਦੇ ਨਾਲ ਅਸੀਂ ਵੌਇਸ ਕਾਲ ਲਈ ਐਂਡ ਟੂ ਐਂਡ ਐਨਕ੍ਰਿਪਸ਼ਨ ਦਾ ਇਸਤੇਮਾਲ ਕਰਦੇ ਹਾਂ। ਜੇਕਰ ਤੁਸੀਂ ਸੀਕ੍ਰੇਟ ਰੱਖਣਾ ਚਾਹੁੰਦੇ ਹੋ ਤਾਂ ਸਾਡੀ ਡਿਵਾਈਸ ਆਧਾਰਿਤ ਸੀਕ੍ਰੇਟ ਚੈਟ ਦਾ ਇਸਤੇਮਾਲ ਕਰੋ ਜਿਸ ‘ਚ ਸੰਦੇਸ਼ ਦੇ ਸਰੂਪ ਖ਼ਤਮ ਹੋਣ ਜਾਣ ਦਾ ਬਦਲ ਹੁੰਦਾ ਹੈ।
ਸੱਟਾ ਲਾਉਣ ਦਾ ਆਧਾਰ
ਉਪਰੋਕਤ ਅਧਿਕਾਰੀ ਨੇ ਕਿਹਾ, ”ਛੋਟੇ ਬੁਕੀਜ਼ ਵੱਡੀ ਗਿਣਤੀ ‘ਚ ਟੈਲੀਗ੍ਰਾਮ ਵਰਗੇ ਮਾਧਿਅਮ ਦਾ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਨੂੰ ਬਹੁਤ ਸਾਰੀਆਂ ਮੋਬਾਇਲ ਐਪਸ ਰੱਖਣ ਦੀ ਲੋੜ ਨਹੀਂ ਪੈਂਦੀ ਅਤੇ ਸਿਰਫ਼ ਤਿੰਨ ਬੁਕੀਜ਼ ਪੂਰੇ ਮੈਚ ਨੂੰ ਸੰਭਾਲ ਸਕਦੇ ਹਨ। ਇੱਕ ਮੈਚ ‘ਤੇ ਔਸਤਨ 10 ਕਰੋੜ ਰੁਪਏ ਤੋਂ ਵੱਧ ਦਾ ਸੱਟਾ ਲੱਗਦਾ ਹੈ। ‘ ‘ਪਹਿਲਾਂ ਸੱਟੇਬਾਜ਼ ਵ੍ਹਾਟਸਐਪ ਦਾ ਇਸਤੇਮਾਲ ਕਰਦੇ ਸਨ, ਪਰ ਗਰੁੱਪ ‘ਚ ਸ਼ਾਮਲ ਕਰਨ ਵਾਲੇ ਲੋਕਾਂ ਦੀ ਸੀਮਿਤ ਗਿਣਤੀ ਅਤੇ ਗੱਲਬਾਤ ਨੂੰ ਟਰੈਕ ਕਰ ਲੈਣ ਦੇ ਡਰ ਤੋਂ ਉਹ ਟੈਲੀਗ੍ਰਾਮ ਐਪ ਦਾ ਇਸਤੇਮਾਲ ਕਰਨ ਲੱਗੇ। ਭਾਰਤ ‘ਚ ਵੱਡੀ ਗਿਣਤੀ ‘ਚ ਸੱਟਾ ਖੇਡਿਆ ਜਾਂਦਾ ਹੈ, ਅਤੇ ਪਿਛਲੇ ਕੁੱਝ ਸਾਲਾਂ ਤੋਂ ਇਸ ਨੂੰ ਕਾਨੂੰਨੀ ਰੂਪ ਦੇਣ ਦੀਆਂ ਗੱਲਾਂ ਚੱਲ ਰਹੀਆਂ ਹਨ।
ਮੋਬਾਇਲ ਵਾਲੇਟਸ
ਭਾਵੇਂ ਸੱਟੇਬਾਜ਼ੀ ਲਈ ਹੁਣ ਵੀ ਨਕਦੀ ਦਾ ਸਭ ਤੋਂ ਵੱਧ ਇਸਤੇਮਾਲ ਹੁੰਦਾ ਹੋਵੇ, ਇਸ ਲੈਣ-ਦੇਣ ਲਈ ਮੋਬਾਇਲ ਵਾਲੇਟਸ (ਬਟੂਏ) ਵੀ ਮਨਪਸੰਦ ਮਾਧਿਅਮ ਬਣਦੇ ਜਾ ਰਹੇ ਹਨ। ਅਧਿਕਾਰੀ ਨੇ ਦੱਸਿਆ ਕਿ ਲੋਕ ਇੱਕ ਮੋਬਾਇਲ ਫ਼ੋਨ ‘ਤੇ 4-5 ਵਾਲੇਟਸ ਰੱਖਦੇ ਹਨ, ਅਤੇ ਇਨ੍ਹਾਂ ਦੀ ਮਦਦ ਨਾਲ ਸੱਟਾ ਲਾਉਂਦੇ ਹਨ। ਅਕਸਰ ਸੱਟਾ ਲਾਉਣ ਵਾਲੇ ਲੋਕ ਦੋ ਵੱਖਰੇ ਨੰਬਰਾਂ ਤੋਂ ਇਨ੍ਹਾਂ ਵਾਲੇਟ ਨੂੰ ਚਲਾਉਂਦੇ ਹਨ। ਇਨ੍ਹਾਂ ਦੀ ਮਦਦ ਨਾਲ ਸਟੋਰੀਏ ਆਸਾਨੀ ਨਾਲ ਇੱਕ ਮੈਚ ‘ਚ ਚਾਰ ਲੱਖ ਰੁਪਏ ਤਕ ਦਾ ਸੱਟਾ ਲਾ ਲੈਂਦੇ ਹਨ। ਦੂਜੇ ਪਾਸੇ ਬੁਕੀ ਅਤੇ ਉਸ ਦੇ ਸਾਥੀ 100-150 ਮੋਬਾਇਲ ਵਾਲੇਟਸ ਦਾ ਇਸਤੇਮਾਲ ਕਰਦੇ ਹਨ ਜਿਨ੍ਹਾਂ ‘ਚ ਕੁੱਝ ਉਨ੍ਹਾਂ ਦੇ ਅਤੇ ਬਾਕੀ ਦੋਸਤਾਂ ਜਾਂ ਪਰਿਵਾਰ ਵਾਲਿਆਂ ਦੇ ਹੁੰਦੇ ਹਨ। ਪੈਸਾ ਇਕੱਠਾ ਕਰਨ ਲਈ ਖ਼ਾਤਿਆਂ ਦਾ ਪ੍ਰਬੰਧ ਕਾਫ਼ੀ ਅਹਿਮ ਕੰਮ ਹੈ।
ਕੀ ਹੈ ਕਾਨੂੰਨ
ਕਾਨੂੰਨ ਮਾਹਿਰਾਂ ਅਨੁਸਾਰ ਔਨਲਾਈਨ ਸੱਟੇਬਾਜ਼ੀ, ਔਨਲਾਈਨ ਵਾਲੇਟਸ ਅਤੇ ਟੈਲੀਗ੍ਰਾਮ ਵਰਗੇ ਮਾਧਿਅਮਾਂ ਦਾ ਟਰੈਕ ਰੱਖਣਾ ਮੁਸ਼ਕਿਲ ਹੈ ਕਿਉਂਕਿ ਇਨ੍ਹਾਂ ਲਈ ਵਿਸ਼ੇਸ਼ ਕਾਨੂੰਨ ਨਹੀਂ ਬਣਿਆ ਹੋਇਆ। ਹਾਲਾਂਕਿ ਮਾਹਿਰ ਦੱਸਦੇ ਹਨ ਕਿ IT ਐਕਟ ਤਹਿਤ ਕਿਸੇ ਵੀ ਨਾਜਾਇਜ਼ ਗਤੀਵਿਧੀ ਲਈ ਇਲੈਕਟ੍ਰੌਨਿਕ ਨੈੱਟਵਰਕ ਜਾਂ ਸਾਧਨ ਦੀ ਵਰਤੋਂ ਕਰਨਾ ਅਪਰਾਧ ਹੈ।