ਵਿਆਹ ਤੋਂ 20 ਸਾਲ ਬਾਅਦ ਵੀ ਰਾਜ ਕਪੂਰ ਦੇ ਨੇੜੇ ਨਾ ਲੱਗੀ ਨਰਗਿਸ

ਨਰਗਿਸ ਨੇ ਫ਼ਿਲਮਾਂ ‘ਚ ਐਕਟਿੰਗ ਨੂੰ ਇੱਕ ਨਵਾਂ ਅੰਜਾਮ ਦਿੱਤਾ। ਫ਼ਿਲਮ ਮਦਰ ਇੰਡੀਆ ‘ਦਾ ਨਾਂ ਲੈਂਦੇ ਹੀ ਦਿਲੋ-ਦਿਮਾਗ਼ ਵਿੱਚ ਸਭ ਤੋਂ ਪਹਿਲਾਂ ਖ਼ਿਆਲ ਨਰਗਿਸ ਦਾ ਹੀ ਆਉਂਦਾ ਹੈ। ਫ਼ਿਲਮਾਂ ਤੋਂ ਇਲਾਵਾ ਨਰਗਿਸ ਦੀ ਲਵ ਲਾਈਫ਼ ਵੀ ਕਾਫ਼ੀ ਸੁਰਖ਼ੀਆਂ ‘ਚ ਰਹੀ। ਆਓ ਜਾਣਦੇ ਹਾਂ ਨਰਗਿਸ ਦੇ ਕੁੱਝ ਅਣਸੁਣੇ ਕਿੱਸੇ:
ਸੁਨੀਲ ਦੱਤ ਦਾ ਨਰਗਿਸ ਲਈ ਪਿਆਰ ਤਾਂ ਸਾਰਿਆਂ ਨੂੰ ਪਤਾ ਹੀ ਹੈ, ਪਰ ਕਾਫ਼ੀ ਘੱਟ ਲੋਕ ਇਹ ਗੱਲ ਜਾਣਦੇ ਹਨ ਕਿ ਆਖ਼ਿਰ ਨਰਗਿਸ ਨੂੰ ਕਦੋਂ ਸੁਨੀਲ ਦੱਤ ਨਾਲ ਪਿਆਰ ਹੋਣ ਲੱਗਾ ਸੀ। ਦਰਅਸਲ ਗੁਜਰਾਤ ਦੇ ਬਿਲਿਮੋਰ ਪਿੰਡ ‘ਚ ਫ਼ਿਲਮ ਮਦਰ ਇੰਡੀਆ ਦੇ ਸੈੱਟ ਇਹ ਪ੍ਰੇਮ ਪਰਵਾਨ ਚੜ੍ਹਿਆ ਸੀ ਜਿਥੇ ਇੱਕ ਸੀਨ ਸ਼ੂਟ ਦੌਰਾਨ ਸੈੱਟ ‘ਤੇ ਅੱਗ ਲੱਗ ਗਈ। ਸੀਨ ਦੇ ਚੱਲਦੇ ਨਰਗਿਸ ਅੱਗ ‘ਚ ਫ਼ਸ ਗਈ, ਪਰ ਸੁਨੀਲ ਨੇ ਉਸ ਸਮੇਂ ਬਿਨਾਂ ਦੇਰੀ ਕੀਤੇ ਆਪਣੀ ਜਾਨ ‘ਤੇ ਖੇਡ ਕੇ ਨਰਗਿਸ ਦੀ ਜਾਨ ਬਚਾਈ। ਨਰਗਿਸ ਤਾਂ ਬਚ ਗਈ, ਪਰ ਉਸ ਸਮੇਂ ਸੁਨੀਲ ਦੱਤ ਬੁਰੀ ਤਰ੍ਹਾਂ ਝੁਲਸ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਨਰਗਿਸ ਹਰ ਦਿਨ ਉਨ੍ਹਾਂ ਨੂੰ ਹਸਪਤਾਲ ਮਿਲਣ ਜਾਇਆ ਕਰਦੀ ਸੀ ਅਤੇ ਉਸ ਦੀ ਦੇਖ-ਰੇਖ ਕਰਦੀ ਸੀ। ਕਹਿੰਦੇ ਹਨ ਕਿ ਇਸ ਹਾਦਸੇ ਤੋਂ ਬਾਅਦ ਨਰਗਿਸ ਦਾ ਨਜ਼ਰੀਆ ਸੁਨੀਲ ਦੱਤ ਪ੍ਰਤੀ ਬਦਲ ਗਿਆ ਸੀ।
ਨਰਗਿਸ ਨੇ ਆਪਣੇ ਬੇਟੇ ਸੰਜੇ ਦੱਤ ਦੀ ਡੈਬਿਊ ਫ਼ਿਲਮ ਰੌਕੀ ਨਹੀਂ ਸੀ ਦੇਖੀ। ਰੌਕੀ ਮਈ 1981 ‘ਚ ਰਿਲੀਜ਼ ਹੋਣੀ ਸੀ, ਪਰ ਨਰਗਿਸ ਨੂੰ ਕੈਂਸਰ ਸੀ ਅਤੇ ਉਨ੍ਹਾਂ ਦਿਨਾਂ ਵਿੱਚ ਉਸ ਦੀ ਸਿਹਤ ਬਹੁਤ ਖ਼ਰਾਬ ਸੀ। ਫ਼ਿਲਮ 8 ਮਈ ਨੂੰ ਰਿਲੀਜ਼ ਹੋਈ, ਪਰ ਨਰਗਿਸ ਨੇ 3 ਮਈ ਨੂੰ ਹੀ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਜਿਸ ਦਿਨ ਫ਼ਿਲਮ ਦਾ ਸ਼ੋਅ ਸੀ ਉਸ ਦਿਨ ਇੱਕ ਸੀਟ ਨਰਗਿਸ ਲਈ ਖ਼ਾਲੀ ਰੱਖੀ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ, ਕੈਂਸਰ ਕਾਰਨ ਨਰਗਿਸ ਦੀ ਸਿਹਤ ਕਾਫ਼ੀ ਖ਼ਰਾਬ ਰਹਿੰਦੀ ਸੀ। ਅਜਿਹੇ ‘ਚ ਡਾਕਟਰਾਂ ਨੇ ਸੁਨੀਲ ਦੱਤ ਨੂੰ ਸਲਾਹ ਦਿੱਤੀ ਸੀ ਕਿ ਉਹ ਨਰਗਿਸ ਦਾ ਸਪੋਰਟ ਸਿਮਟਮ ਹਟਵਾ ਦੇਣ, ਪਰ ਸੁਨੀਲ ਨੇ ਸਿੱਧੇ ਤੌਰ ‘ਤੇ ਇਸ ਤੋਂ ਇਨਕਾਰ ਕਰ ਦਿੱਤਾ। ਆਖ਼ਰੀ ਪਲ ਤਕ ਸੁਨੀਲ ਨਰਗਿਸ ਦੇ ਨਾਲ ਰਿਹਾ।
ਰਾਜ ਕਪੂਰ ਨਾਲ ਨਰਗਿਸ ਦੀ ਜੋੜੀ ਸੁਪਰਹਿੱਟ ਸੀ, ਅਤੇ ਨਾ ਸਿਰਫ਼ ਭਾਰਤ ਸਗੋਂ ਰੂਸ ‘ਚ ਵੀ ਇਨ੍ਹਾਂ ਦੀਆਂ ਫ਼ਿਲਮਾਂ ਕਾਫ਼ੀ ਪਸੰਦ ਕੀਤੀਆਂ ਜਾਂਦੀਆਂ ਸਨ। ਅਜਿਹੇ ‘ਚ ਇੱਕ ਵਾਰ ਨਰਗਿਸ ਰਾਜ ਕਪੂਰ ਨਾਲ ਮੌਸਕੋ ਗਈ, ਪਰ ਉਥੇ ਉਸ ਨੂੰ ਸਿਰਫ਼ ਰਾਜ ਕਪੂਰ ਦੀ ਹੀਰੋਇਨ ਜਿੰਨੀ ਹੀ ਤਵਜੋ ਮਿਲੀ ਜਿਸ ਦਾ ਨਰਗਿਸ ਨੂੰ ਬੁਰਾ ਲੱਗਾ, ਅਤੇ ਉਸ ਨੇ ਟੂਰ ਅੱਧ ‘ਚ ਹੀ ਛੱਡ ਦਿੱਤਾ ਅਤੇ ਵਾਪਸ ਭਾਰਤ ਆ ਗਈ।
ਰਾਜ ਕਪੂਰ ਨਾਲ ਆਵਾਰਾ, ਸ਼੍ਰੀ 420 ਅਤੇ ਬਰਸਾਤ ਵਰਗੀਆਂ ਕਰੀਬ 16 ਫ਼ਿਲਮਾਂ ਕਰ ਚੁੱਕੀ ਨਰਗਿਸ ਸੁਨੀਲ ਦੱਤ ਨਾਲ ਵਿਆਹ ਕਰਵਾਉਣ ਤੋਂ ਬਾਅਦ 20 ਸਾਲਾ ਤਕ ਰਾਜ ਕਪੂਰ ਨੂੰ ਨਹੀਂ ਮਿਲੀ।