ਨਵੀਂ ਦਿੱਲੀ— ਭਾਰਤ ਨੇ ਪਾਕਿਸਤਾਨ ਨਾਲ ਵਾਰਤਾ ਲਈ ਤਿਆਰ ਹੋਣ ਦਾ ਦਾਅਵਾ ਕਰਨ ਵਾਲੀ ਪਾਕਿਸਤਾਨੀ ਮੀਡੀਆ ਰਿਪੋਰਟਾਂ ਨੂੰ ਵੀਰਵਾਰ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪਾਕਿਸਤਾਨ ‘ਚ ਉਨ੍ਹਾਂ ਦੇ ਹਮਅਹੁਦੇਦਾਰਾਂ ਦੇ ਵਧਾਈ ਸੰਦੇਸ਼ਾਂ ਦਾ ਉੱਤਰ ਦਿੰਦੇ ਸਮੇਂ ਅਜਿਹੀ ਕੋਈ ਗੱਲ ਨਹੀਂ ਕੀਤੀ। ਪਾਕਿਸਤਾਨ ਦੇ ਇਕ ਨਿਊਜ਼ ਚੈਨਲ ਨੇ ਇਕ ਖਬਰ ‘ਚ ਦਾਅਵਾ ਕੀਤਾ ਕਿ ਪਾਕਿਸਤਾਨ ਦੀ ਗੱਲਬਾਤ ਸੰਬੰਧੀ ਤਾਜ਼ਾ ਅਪੀਲ ਦੇ ਜਵਾਬ ‘ਚ ਮੋਦੀ ਅਤੇ ਜੈਸ਼ੰਕਰ ਨੇ ਕਿਹਾ ਕਿ ਭਾਰਤ ਖੇਤਰ ਦੀ ਤਰੱਕੀ ਲਈ ਪਾਕਿਸਤਾਨ ਸਮੇਤ ਸਾਰੇ ਦੇਸ਼ਾਂ ਨਾਲ ਵਾਰਤਾ ਦਾ ਇਛੁੱਕ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਵਧਾਈ ਸੰਦੇਸ਼ਾਂ ਦੇ ਜਵਾਬ ਦੇ ਸੰਬੰਧ ‘ਚ ਪੁੱਛੇ ਜਾਣ ‘ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ,”ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੇ ਪਾਕਿਸਤਾਨ ‘ਚ ਆਪਣੇ ਹਮਰੁਤਬਾ ਨੂੰ ਵਧਾਈ ਸੰਦੇਸ਼ਾਂ ਦਾ ਜਵਾਬ ਸਥਾਪਤ ਡਿਪਲੋਮੈਟਿਕ ਪ੍ਰਕਿਰਿਆ ਅਨੁਸਾਰ ਦਿੱਤਾ।” ਉਨ੍ਹਾਂ ਨੇ ਕਿਹਾ ਕਿ ਆਪਣੇ ਸੰਦੇਸ਼ਾਂ ‘ਚ ਉਨ੍ਹਾਂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਹੈ ਕਿ ਭਾਰਤ-ਪਾਕਿਸਤਾਨ ਸਮੇਤ ਸਾਰੇ ਗੁਆਂਢੀ ਦੇਸ਼ਾਂ ਨਾਲ ਆਮ ਅਤੇ ਸਹਿਯੋਗੀ ਸੰਬੰਧ ਚਾਹੁੰਦਾ ਹੈ। ਕੁਮਾਰ ਨੇ ਕਿਹਾ,”ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ‘ਚ ਕਿਹਾ,”ਇਸ ਲਈ ਅੱਤਵਾਦ, ਹਿੰਸਾ ਅਤੇ ਦੁਸ਼ਮਣੀ ਨਾਲ ਮੁਕਤ ਅਤੇ ਭਰੋਸੇ ਦਾ ਮਾਹੌਲ ਬਣਾਉਣਾ ਮਹੱਤਵਪੂਰਨ ਹੈ।”
ਵਿਦੇਸ਼ ਮੰਤਰਾਲੇ ਨੇ ਵੀ ਅਜਿਹੇ ਮਾਹੌਲ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਤਾਂ ਅੱਤਵਾਦ ਅਤੇ ਹਿੰਸਾ ਦੀ ਛਾਇਆ ਤੋਂ ਮੁਕਤ ਹੋਵੇ।” ਇਹ ਪੁੱਛੇ ਜਾਣ ‘ਤੇ ਕਿ ਪੱਤਰ ‘ਚ ਕੀ ਵਾਰਤਾ ਕਰਨ ਦਾ ਵੀ ਕੋਈ ਜ਼ਿਕਰ ਕੀਤਾ ਗਿਆ ਹੈ, ਵਿਦੇਸ਼ ਮੰਤਰਾਲੇ ਨੇ ਉੱਤਰ ਦਿੱਤਾ ਕਿ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਖਾਨ ਨੇ ਬਿਸ਼ਕੇਕ ‘ਚ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੌਰਾਨ ਪਿਛਲੇ ਹਫ਼ਤੇ ਇਕ-ਦੂਜੇ ਦਾ ਸਵਾਗਤ ਕੀਤਾ ਸੀ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਖਾਨ ਨੇ ਐੱਸ.ਸੀ.ਓ. ਕੰਪਲੈਕਸ ਦੇ ਲੀਡਰਜ਼ ਲਾਂਜ ‘ਚ ਮੋਦੀ ਦੇ ਨਾਲ ਆਹਮਣੇ-ਸਾਹਮਣੇ ਦੀ ਗੱਲਬਾਤ ‘ਚ ਭਾਰਤੀ ਪ੍ਰਧਾਨ ਮੰਤਰੀ ਨੂੰ ਚੋਣਾਵੀ ਜਿੱਤ ਦੀ ਵਧਾਈ ਦਿੱਤੀ ਸੀ। ਹਾਲਾਂਕਿ ਇਸ ਦੌਰਾਨ ਦੋਹਾਂ ਨੇਤਾਵਾਂ ਦਰਮਿਆਨ ਕੋਈ ਬੈਠਕ ਨਹੀਂ ਹੋਈ ਸੀ। ਇਸ ਨਾਲ ਕਰੀਬ 2 ਹਫਤੇ ਪਹਿਲਾਂ ਹੀ ਖਾਨ ਅਤੇ ਕੁਰੈਸ਼ੀ ਨੇ ਆਪਣੇ ਭਾਰਤੀ ਹਮਰੁਤਬਾ ਨੂੰ ਪੱਤਰ ਲਿਖ ਕੇ ਦੋ-ਪੱਖੀ ਵਾਰਤਾ ਮੁੜ ਸ਼ੁਰੂ ਕਰਨ ‘ਤੇ ਜ਼ੋਰ ਦਿੱਤਾ ਸੀ। ਭਾਰਤ ਦਾ ਕਹਿਣਾ ਹੈ ਕਿ ਅੱਤਵਾਦ ਅਤੇ ਗੱਲਬਾਤ ਨਾਲ-ਨਾਲ ਨਹੀਂ ਚੱਲ ਸਕਦੇ। ਖਾਨ ਨੇ ਮੋਦੀ ਨੂੰ 26 ਮਈ ਨੂੰ ਟੈਲੀਫੋਨ ਕਾਲ ਕੀਤੀ ਸੀ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਮੋਦੀ ਨੇ ਕਿਹਾ ਕਿ ਖੇਤਰ ‘ਚ ਸ਼ਾਂਤੀ ਅਤੇ ਤਰੱਕੀ ਲਈ ਹਿੰਸਾ ਅਤੇ ਅੱਤਵਾਦ ਤੋਂ ਮੁਕਤ ਮਾਹੌਲ ਬਣਾਉਣਾ ਅਤੇ ਭਰੋਸਾ ਕਾਇਮ ਕਰਨਾ ਜ਼ਰੂਰੀ ਹੈ।