ਮੰਡਲਾ – ਮੱਧ ਪ੍ਰਦੇਸ਼ ਦੇ ਮੰਡਲਾ ਜ਼ਿਲੇ ਦੇ ਟਿਕਰਿਆ ਥਾਣਾ ਖੇਤਰ ਸਥਿਤ ਨਰਮਦਾ ਨਦੀ ਵਿਚ ਅੱਜ ਯਾਨੀ ਕਿ ਵੀਰਵਾਰ ਦੀ ਸਵੇਰ ਨੂੰ ਬਾਰਾਤੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਪਲਟ ਗਈ। ਇਸ ਕਿਸ਼ਤੀ ‘ਤੇ ਸਵਾਰ 5 ਲੋਕਾਂ ਦੀ ਮੌਤ ਹੋ ਗਈ ਅਤੇ 6 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਬਾਰਾਤ ਮੰਡਲਾ ਜ਼ਿਲੇ ਤੋਂ ਸਿਵਨੀ ਜ਼ਿਲੇ ਦੇ ਬਖਾਰੀ ਪਿੰਡ ਆਈ ਸੀ। ਪੁਲਸ ਸੂਤਰਾਂ ਮੁਤਾਬਕ ਮੰਡਲਾ ਜ਼ਿਲੇ ਦੇ ਟਿਕਰਿਆ ਥਾਣਾ ਖੇਤਰ ਤੋਂ ਬਾਰਾਤ ਕੱਲ ਰਾਤ ਸਿਵਨੀ ਜ਼ਿਲੇ ਦੇ ਬਖਾਰੀ ਆਈ ਸੀ। ਸਵੇਰੇ ਕਿਸ਼ਤੀ ਤੋਂ ਨਰਮਦਾ ਨਦੀ ਪਾਰ ਕਰ ਕੇ ਬਾਰਾਤੀ ਵਾਪਸ ਪਰਤ ਰਹੇ ਸਨ, ਤਾਂ ਕਿਸ਼ਤੀ ਬੇਕਾਬੂ ਹੋ ਕੇ ਨਦੀ ਵਿਚ ਪਲਟ ਗਈ। ਕਿਸ਼ਤੀ ‘ਤੇ ਸਵਾਰ ਸਾਰੇ ਬਾਰਾਤੀ ਡੁੱਬ ਗਏ। ਇਸ ਵਿਚ 5 ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ, ਜਦਕਿ 6 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਮ੍ਰਿਤਕਾਂ ਵਿਚ 4 ਔਰਤਾਂ ਅਤੇ ਇਕ ਬੱਚਾ ਵੀ ਸ਼ਾਮਲ ਹੈ। ਕਿਸ਼ਤੀ ਹਾਦਸੇ ਵਿਚ ਕਲਾਵਤੀਬਾਈ (35), ਲਾਲਤੀਬਾਈ (32), ਧਨੀਆਬਾਈ (50), ਬੁਰਦੋਬਾਈ (40) ਅਤੇ 8 ਸਾਲ ਦੇ ਇਕ ਬੱਚੇ ਦੇਸ਼ਰਾਜ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਸਥਾਨਕ ਵਿਧਾਇਕ ਅਸ਼ੋਕ ਮਰਸਕੋਲੇ ਮੌਕੇ ‘ਤੇ ਪੁੱਜੇ ਅਤੇ ਪੁਲਸ ਨੇ ਸਾਰੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਹਸਪਤਾਲ ਭੇਜਿਆ।