ਬੰਗਲਾਦੇਸ਼ ਨੇ ਸੋਮਵਾਰ ਨੂੰ ICC ਵਰਲਡ ਕੱਪ-2019 ‘ਚ ਦਾ ਕੂਪਰ ਐਸੋਸਿਏਟਸ ਕਾਊਂਟੀ ਗਰਾਊਂਡ ‘ਤੇ ਖੇਡੇ ਗਏ ਮੈਚ ‘ਚ ਵੈੱਸਟ ਇੰਡੀਜ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਵਿੰਡੀਜ਼ ਨੇ ਬੰਗਲਾਦੇਸ਼ ਨੂੰ 322 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਉਸ ਨੇ 41.3 ਓਵਰਾਂ ‘ਚ ਤਿੰਨ ਵਿਕਟ ਗੁਆ ਕੇ ਹਾਸਲ ਕਰ ਲਿਆ। ਇਸ ਤੋਂ ਪਹਿਲਾਂ, ਵੈੱਸਟ ਇੰਡੀਜ਼ ਨੇ ਸ਼ੇਅ ਹੋਪ, ਇਵਿਨ ਲੁਇਸ ਅਤੇ ਸ਼ਿਮਾਇਰ ਹੇਟਮਾਇਰ ਦੇ ਅਰਧ ਸ਼ਤਕ ਦੇ ਦਮ ‘ਤੇ 50 ਓਵਰਾਂ ‘ਚ ਅੱਠ ਵਿਕਟ ਦੇ ਨੁਕਸਾਨ ‘ਤੇ 321 ਦੌੜਾਂ ਬਣਾਈਆਂ।
ਬੰਗਲਾਦੇਸ਼ ਲਈ ਸਾਕਿਬ ਅਲ ਹਸਨ ਨੇ ਅਜੇਤੂ 124 ਦੌੜਾਂ ਬਣਾਈਆਂ। ਬੰਗਲਾਦੇਸ਼ ਦੇ ਸਾਕਿਬ ਅਲ ਹਸਨ ਨੂੰ ਉਸ ਦੀ ਸ਼ਾਨਦਾਰ ਸੈਂਕੜਾ ਪਾਰੀ ਲਈ ਮੈਨ ਔਫ਼ ਦ ਮੈਚ ਦੇ ਖਿਤਾਬ ਨਾਲ ਨਵਾਜਿਆ ਗਿਆ। ਇਸ ਮੈਚ ‘ਚ ਇੱਕ ਅਜਿਹੀ ਰੋਮਾਂਚਕ ਘਟਨਾ ਵੀ ਘਟੀ ਜਿਸ ਨੂੰ ਦੇਖ ਕੇ ਹਰ ਕੋਈ ਚੌਂਕ ਗਿਆ।
ਪਾਰੀ ਦੇ 49ਵੇਂ ਓਵਰ ‘ਚ ਬੱਲੇਬਾਜ਼ ਓਸ਼ਾਨ ਥੌਮਸ ਬੱਲੇਬਾਜ਼ੀ ਕਰ ਰਿਹਾ ਸੀ ਅਤੇ ਗੇਂਦਬਾਜ਼ ਮੁਸਤਾਫ਼ਿਜੁਰ ਰਹਿਮਾਨ ਸੀ। ਬੱਲੇਬਾਜ਼ ਓਸ਼ਾਨ ਥੌਮਸ ਨੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਪਰ ਖੇਡਣ ਤੋਂ ਖੁੰਝ ਗਿਆ। ਜਦ ਬੱਲੇਬਾਜ ਗੇਂਦ ਨੂੰ ਨਹੀਂ ਮਾਰ ਸਕਿਆ ਤਾਂ ਸ਼ੌਟ ਖੇਡਣ ਤੋਂ ਬਾਅਦ ਰਿਲੈਕਸ ਕਰਨ ਦੇ ਚੱਕਰ ‘ਚ ਆਪਣੇ ਬੱਲੇ ਨੂੰ ਗ਼ਲਤੀ ਨਾਲ ਵਿਕਟਾਂ ‘ਤੇ ਮਾਰ ਬੈਠਾ ਜਿਸ ਤੋਂ ਬਾਅਦ ਬੰਗਲਾਦੇਸ਼ੀ ਖਿਡਾਰੀਆਂ ਨੇ ਹਿੱਟ ਵਿਕਟ ਆਊਟ ਦੀ ਅਪੀਲ ਕੀਤੀ।
ਅਜਿਹੇ ‘ਚ ਥਰਡ ਐਂਪਾਇਰ ਵਲੋਂ ਰਿਪਲੇਅ ਦੇਖਣ ਮਗਰੋਂ ਥਰਡ ਐਂਪਾਇਰ ਨੇ ਇਹ ਫ਼ੈਸਲਾ ਲਿਆ ਕਿ ਓਸ਼ਾਨ ਥੌਮਸ ਦਾ ਬੱਲਾ ਸ਼ੌਟ ਖੇਡਣ ਦੌਰਾਨ ਨਹੀਂ ਸਗੋਂ ਸ਼ੌਟ ਖੇਡਣ ਤੋਂ ਬਾਅਦ ਵਿਕਟਾਂ ਨੂੰ ਲਗਾ ਹੈ। ਅਜਿਹੇ ‘ਚ ਬੱਲੇਬਾਜ਼ ਨੂੰ ਆਊਟ ਨਹੀਂ ਦਿੱਤਾ ਜਾ ਸਕਦਾ ਹੈ। ਥਰਡ ਐਂਪਾਇਰ ਨੇ ਹਿੱਟ ਵਿਕਟ ਦੀ ਅਪੀਲ ਨੂੰ ਨੌਟ ਆਊਟ ‘ਚ ਬਦਲ ਦਿੱਤਾ।