ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਦੇਣ ਦੀ ਤਿਆਰੀ ‘ਚ ਕਾਂਗਰਸ, ਅੱਜ ਸੰਭਾਲ ਸਕਦੇ ਹਨ ਅਹੁਦਾ

ਚੰਡੀਗੜ੍ਹ : ਆਪਣਾ ਵਿਭਾਗ ਬਦਲੇ ਜਾਣ ਤੋਂ ਨਾਰਾਜ਼ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਹਾਈਕਮਾਨ ਕੌਮੀ ਸਕੱਤਰ ਵਰਗੀ ਵੱਡੀ ਜ਼ਿੰਮੇਵਾਰੀ ਦੇਣ ਦੀ ਤਿਆਰੀ ‘ਚ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਦਿੱਲੀ ਵਿਚ ਹੋਈ ਬੈਠਕ ਤੋਂ ਬਾਅਦ ਮੰਗਲਵਾਰ ਨੂੰ ਸਿੱਧੂ ਬਿਜਲੀ ਵਿਭਾਗ ਦਾ ਕਾਰਜਭਾਰ ਸੰਭਾਲ ਸਕਦੇ ਹਨ। ਦੂਜੇ ਪਾਸੇ ਸੋਮਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਕਿਸੇ ਵੀ ਸਰਕਾਰੀ ਪ੍ਰੋਗਰਾਮ ਵਿਚ ਹਿੱਸਾ ਨਹੀਂ ਲਿਆ।
ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਹਾਈਕਮਾਨ
ਸਿੱਧੂ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਵਿਚੋਂ ਹਨ। ਅਜਿਹੇ ਵਿਚ ਪਾਰਟੀ ਨਹੀਂ ਚਾਹੁੰਦੀ ਕਿ ਸਿੱਧੂ ਪਾਰਟੀ ਤੋਂ ਕਿਨਾਰਾ ਕਰਨ। ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਾਰਟੀ ਨਾਰਾਜ਼ ਨਹੀਂ ਕਰਨਾ ਚਾਹੁੰਦੀ। ਇਸੇ ਨੂੰ ਲੈ ਕੇ ਪਾਰਟੀ ਹਾਈਕਮਾਨ ਸਿੱਧੂ ਨੂੰ ਰਾਸ਼ਟਰੀ ਕਾਰਜਕਾਰਨੀ ਵਿਚ ਜਗ੍ਹਾ ਦੇਣ ਦੀ ਤਿਆਰੀ ਕਰ ਰਹੀ ਹੈ।
12 ਦਿਨ ਤੋਂ ਰੁਕੇ ਹਨ ਵਿਭਾਗ ਦੇ ਕੰਮ
ਪਿਛਲੇ 12 ਦਿਨਾਂ ਤੋਂ ਬਿਜਲੀ ਵਿਭਾਗ ਵਿਚ ਮੰਤਰੀ ਵਲੋਂ ਅਹੁਦੇ ਨਾ ਸੰਭਾਲੇ ਜਾਣ ਕਾਰਨ ਸਿਸਟਮ ਗੜਬੜਾ ਗਿਆ ਹੈ। ਵੱਖ-ਵੱਖ ਥਰਮਲ ਪਲਾਂਟਾਂ ਵਿਚ ਕੋਲੇ ਦੇ ਆਰਡਰ ਸਪਲਾਈ ‘ਤੇ ਅਸਰ ਪੈ ਰਿਹਾ ਹੈ। ਉਥੇ ਹੀ ਬਿਜਲੀ ਕੱਟਾਂ ਨਾਲ ਘਰੇਲੂ ਜਨਤਾ ਪ੍ਰੇਸ਼ਾਨ ਹੈ। ਲੁਧਿਆਣਾ, ਜਲੰਧਰ, ਮੋਹਾਲੀ ਵਿਚ ਇੰਡਸਟਰੀ ਦੀ ਬਿਜਲੀ ਵੀ ਪ੍ਰਭਾਵਤ ਹੋ ਰਹੀ ਹੈ ਜਦਕਿ ਝੋਨੇ ਦੇ ਸੀਜ਼ਨ ਵਿਚ ਬਿਜਲੀ ਸਪਲਾਈ ਸਹੀ ਢੰਗ ਨਾਲ ਨਾ ਮਿਲਣ ਕਾਰਨ ਕਿਸਾਨ ਵੀ ਨਾਰਾਜ਼ ਹਨ।