ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਦਿੱਲੀ ਪੁਲਸ ਵਲੋਂ ਸ਼ਰੇਆਮ ਸਿੱਖ ਵਿਅਕਤੀ ਅਤੇ ਉਸ ਦੇ ਪੁੱਤਰ ਦੀ ਕੀਤੀ ਗਈ ਕੁੱਟਮਾਰ ਦੀ ਨਿੰਦਾ ਕੀਤੀ ਹੈ। ਬੈਂਸ ਨੇ ਕਿਹਾ ਕਿ ਅੱਜ ਪੂਰੇ ਦੇਸ਼ ‘ਚ ਪੁਲਸ ਵਾਲੇ ਆਪਣੇ ਆਪ ਨੂੰ ਰੱਬ ਸਮਝ ਰਹੇ ਹਨ। ਦਿੱਲੀ ਦੀ ਘਟਨਾ ‘ਚ ਪੁਲਸ ਵਾਲਿਆਂ ਨੂੰ ਸਸਪੈਂਡ ਨਹੀਂ ਸਗੋਂ ਡਿਸਮਿਸ ਕਰਨਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਕੋਈ ਪੁਲਸ ਵਾਲਾ ਅਜਿਹੀ ਘਿਨੌਣੀ ਹਰਕਤ ਕਰਨ ਦੀ ਹਿੰਮਤ ਨਾ ਕਰੇ ਕਿਉਂਕਿ ਸਿੱਖ ਭਾਈਚਾਰਾ ਦੇਸ਼ ਦੀ ਰਾਖੀ ਲਈ ਜਾਣਿਆ ਜਾਂਦਾ ਹੈ ਅਤੇ ਪੁਲਸ ਨੇ ਸਿੱਖ ਦੀ ਪੱਗ ਦਾ ਹੀ ਅਪਮਾਨ ਕੀਤਾ ਹੈ।
ਇਸ ਦੇ ਨਾਲ ਹੀ ਬੈਂਸ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਗੁੰਡਾਗਰਦੀ ਜ਼ੋਰਾਂ ‘ਤੇ ਹੈ। ਕਾਂਗਰਸੀ ਲੀਡਰਾਂ ਅਤੇ ਕਾਂਗਰਸੀ ਵਰਕਰਾਂ ਦੀਆਂ ਗੁੰਡਾਗਰਦੀ ਕਰਦਿਆਂ ਦੀ ਅੱਜ ਅਨੇਕਾਂ ਵੀਡੀਓ ਵਾਇਰਲ ਹੋ ਰਹੀਆਂ ਹਨ ਅਤੇ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਜਨਾਜ਼ਾ ਨਿਕਲਿਆ ਹੋਇਆ ਹੈ। ਇਸ ਦੇ ਨਾਲ ਹੀ ਬੈਂਸ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਗ੍ਰਹਿ ਵਿਭਾਗ ਕਿਸੇ ਹੋਰ ਨੂੰ ਦੇ ਦੇਣਾ ਚਾਹੀਦਾ ਹੈ ਤਾਂ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਕਾਇਮ ਹੋ ਸਕੇ।
ਫਿਰੋਜ਼ਪੁਰ ਦੇ ਐੱਸ. ਐੱਸ. ਪੀ. ਵਲੋਂ ਨਸ਼ੇ ‘ਤੇ ਦਿੱਤੇ ਗਏ ਬਿਆਨ ‘ਤੇ ਬੈਂਸ ਨੇ ਕਿਹਾ ਕਿ ਉਹ ਪਹਿਲਾਂ ਹੀ ਆਖ ਚੁੱਕੇ ਹਨ ਕਿ ਕਾਂਗਰਸ ਤੇ ਪੁਲਸ ਨਸ਼ੇ ਦੇ ਸੌਦਾਗਰਾਂ ਨੇ ਮਿਲੇ ਹਨ। ਜਦਕਿ ਹੁਣ ਪੁਲਸ ਅਧਿਕਾਰੀ ਵੀ ਇਸ ਦਾ ਖੁਲਾਸਾ ਕਰ ਰਹੇ ਹਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਰਵਾਈ ਨਹੀਂ ਕਰ ਰਹੇ।