ਅਯੁੱਧਿਆ ਅੱਤਵਾਦੀ ਹਮਲੇ ‘ਤੇ 14 ਸਾਲ ਬਾਅਦ ਫੈਸਲਾ, 4 ਦੋਸ਼ੀਆਂ ਨੂੰ ਉਮਰ ਕੈਦ, ਇਕ ਬਰੀ

ਲਖਨਊ— ਅਯੁੱਧਿਆ ਦੇ ਰਾਮ ਜਨਮ ਭੂਮੀ ਕੰਪਲੈਕਸ ‘ਚ 2005 ‘ਚ ਹੋਏ ਅੱਤਵਾਦੀ ਹਮਲੇ ‘ਚ ਮੰਗਲਵਾਰ ਨੂੰ ਪ੍ਰਯਾਗਰਾਜ ਦੀ ਵਿਸ਼ੇਸ਼ ਕੋਰਟ ਨੇ ਫੈਸਲਾ ਸੁਣਾਇਆ। ਨੈਨੀ ਸੈਂਟਰਲ ਜੇਲ ‘ਚ ਹੋਈ ਸੁਣਵਾਈ ‘ਚ ਵਿਸ਼ੇਸ਼ ਅਦਾਲਤ ਨੇ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਦੋਂ ਕਿ ਇਕ ਦੋਸ਼ੀ ਨੂੰ ਬਰੀ ਕਰ ਦਿੱਤਾ ਹੈ। ਇਨ੍ਹਾਂ ਦੋਸ਼ੀਆਂ ‘ਤੇ ਹਮਲੇ ਦੀ ਸਾਜਿਸ਼ ਰਚਣ ਦਾ ਦੋਸ਼ ਸੀ। ਪਿਛਲੇ ਕਾਫੀ ਸਮੇਂ ਤੋਂ ਉਹ ਨੈਨੀ ਜੇਲ ‘ਚ ਹੀ ਬੰਦ ਸਨ। ਇਸ ਮਾਮਲੇ ਦੀ ਸੁਣਵਾਈ ਸਪੈਸ਼ਲ ਜੱਜ ਦਿਨੇਸ਼ ਚੰਦਰ ਕਰ ਰਹੇ ਸਨ।
63 ਗਵਾਹਾਂ ਨੇ ਦਰਜ ਕਰਵਾਏ ਬਿਆਨ
ਪ੍ਰਯਾਗਰਾਜ ਦੀ ਵਿਸ਼ੇਸ਼ ਅਦਾਲਤ ਨੇ ਮੰਗਲਵਾਰ ਦੁਪਹਿਰ ਇਸ ਮਾਮਲੇ ‘ਚ ਫੈਸਲਾ ਸੁਣਾਇਆ। ਕੋਰਟ ਵਲੋਂ ਚਾਰੇ ਦੋਸ਼ੀਆਂ ਡਾ. ਇਰਫਾਨ, ਮੁਹੰਮਦ ਸ਼ਕੀਲ, ਮੁਹੰਮਦ ਨਸੀਮ ਅਤੇ ਫਾਰੂਕ ਨੂੰ ਉਮਰ ਦੀ ਸਜ਼ਾ ਦਿੱਤੀ ਗਈ ਹੈ, ਇਸ ਤੋਂ ਇਲਾਵਾ ਉਨ੍ਹਾਂ ‘ਤੇ 40 ਹਜ਼ਾਰ ਰੁਪਏ ਜ਼ੁਰਮਾਨਾ ਵੀ ਲੱਗਾ ਹੈ। ਇਸ ਤੋਂ ਇਲਾਵਾ 5ਵੇਂ ਦੋਸ਼ੀ ਮੁਹੰਮਦ ਅਜੀਜ ਨੂੰ ਬਰੀ ਕਰ ਦਿੱਤਾ ਗਿਆ ਹੈ। ਇਸ ਮਾਮਲੇ ‘ਚ ਕੁੱਲ 63 ਗਵਾਹਾਂ ਨੇ ਆਪਣੇ ਬਿਆਨ ਦਰਜ ਕਰਵਾਏ ਸਨ, ਜਿਸ ‘ਚ 14 ਪੁਲਸ ਕਰਮਚਾਰੀ ਸਨ। ਜ਼ਿਕਰਯੋਗ ਹੈ ਕਿ ਅੱਤਵਾਦੀ ਹਮਲੇ ਦੇ ਸਾਜਿਸ਼ਕਰਤਾ ਅਰਸ਼ਦ ਨੂੰ ਮੌਕੇ ‘ਤੇ ਹੀ ਮਾਰ ਸੁੱਟਿਆ ਗਿਆ ਸੀ। 5 ਜੁਲਾਈ 2005 ਨੂੰ ਹੋਏ ਅੱਤਵਾਦੀ ਹਮਲੇ ‘ਚ 2 ਲੋਕ ਮਾਰੇ ਗਏ ਸਨ ਤਾਂ ਉੱਥੇ ਹੀ ਕੁਝ ਸੁਰੱਖਿਆ ਕਰਮਚਾਰੀ ਜ਼ਖਮੀ ਵੀ ਹੋਏ ਸਨ।
14 ਸਾਲ ਤੋਂ ਚੱਲ ਰਹੀ ਸੀ ਸੁਣਵਾਈ ਤੇ ਟ੍ਰਾਇਲ
ਪਿਛਲੇ 14 ਸਾਲਾਂ ਤੋਂ ਮਾਮਲੇ ‘ਚ ਸੁਣਵਾਈ ਅਤੇ ਟ੍ਰਾਇਲ ਚੱਲ ਰਿਹਾ ਸੀ। ਇਕ ਲੰਬੀ ਸੁਣਵਾਈ ਤੋਂ ਬਾਅਦ ਜੱਜ ਨੇ 18 ਜੂਨ ਦੀ ਤਾਰੀਕ ਫੈਸਲੇ ਲਈ ਤੈਅ ਕੀਤੀ ਸੀ। ਜਾਂਚ ਦੌਰਾਨ ਪੁਲਸ ਨੇ 5 ਲੋਕਾਂ ਨੂੰ ਸਾਜਿਸ਼ ਰਚਣ, ਅੱਤਵਾਦੀਆਂ ਦੀ ਮਦਦ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਸੀ। ਜਿਨ੍ਹਾਂ ਅੱਤਵਾਦੀਆਂ ਨੇ ਹਮਲਾ ਕੀਤਾ ਸੀ, ਉਨ੍ਹਾਂ ਨੂੰ ਉਦੋਂ ਹੀ ਢੇਰ ਕਰ ਦਿੱਤਾ ਗਿਆ ਸੀ।
5 ਜੁਲਾਈ ਨੂੰ ਹੋਇਆ ਸੀ ਹਮਲਾ
ਜ਼ਿਕਰਯੋਗ ਹੈ ਕਿ 5 ਜੁਲਾਈ ਨੂੰ ਹੋਇਆ ਇਹ ਹਮਲਾ ਉਦੋਂ ਹੋਇਆ ਸੀ, ਜਦੋਂ ਰਾਮ ਜਨਮਭੂਮੀ-ਬਾਬਰੀ ਮਸਜਿਦ ਕੰਪਲੈਕਸ ਪੂਰੀ ਸੁਰੱਖਿਆ ‘ਚ ਸੀ ਪਰ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੇ ਇਸ ਨੂੰ ਨਿਸ਼ਾਨਾ ਬਣਾਇਆ। ਸਾਰੇ ਅੱਤਵਾਦੀ ਨੇਪਾਲ ਦੇ ਰਸਤੇ ਭਾਰਤ ਆਏ ਸਨ। ਹਾਲਾਂਕਿ ਸੁਰੱਖਿਆ ਏਜੰਸੀਆਂ ਨੇ ਇਕ ਹੀ ਘੰਟੇ ਦੇ ਅੰਦਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ ਅਤੇ ਕਿਸੇ ਵੱਡੇ ਖਤਰੇ ਨੂੰ ਟਾਲ ਦਿੱਤਾ ਸੀ। ਅੱਤਵਾਦੀ ਬਤੌਰ ਭਗਤ ਅਯੁੱਧਿਆ ‘ਚ ਆਏ, ਪੂਰੇ ਇਲਾਕੇ ਦੀ ਰੇਕੀ ਕੀਤੀ ਅਤੇ ਟਾਟਾ ਸੂਮੋ ‘ਚ ਹੀ ਸਫ਼ਰ ਕੀਤਾ। ਹਮਲੇ ਤੋਂ ਪਹਿਲਾਂ ਅੱਤਵਾਦੀਆਂ ਨੇ ਰਾਮ ਮੰਦਰ ਦੇ ਦਰਸ਼ਨ ਵੀ ਕੀਤੇ ਸਨ। ਗੱਡੀ ‘ਚ ਹੀ ਸਵਾਰ ਹੋ ਕੇ ਅੱਤਵਾਦੀ ਰਾਮ ਜਨਮਭੂਮੀ ਕੰਪਲੈਕਸ ‘ਚ ਆਏ ਅਤੇ ਸੁਰੱਖਿਆ ਘੇਰਾ ਤੋੜਦੇ ਹੋਏ ਉੱਥੇ ਗ੍ਰੇਨੇਡ ਸੁੱਟ ਹਮਲਾ ਕੀਤਾ।