ਆਖਰਕਾਰ ਝੁੱਕੀ ਮਮਤਾ, ਡਾਕਟਰਾਂ ਨਾਲ ਲਾਈਵ ਗੱਲਬਾਤ ਨੂੰ ਹੋਈ ਤਿਆਰ

ਕੋਲਕਾਤਾ— ਕੋਲਕਾਤਾ ਦੇ ਐੱਨ. ਆਰ. ਐੱਸ. ਮੈਡੀਕਲ ਕਾਲਜ ‘ਚ ਦੋ ਜੂਨੀਅਰ ਡਾਕਟਰਾਂ ਦੀ ਕੁੱਟਮਾਰ ਤੋਂ ਬਾਅਦ ਬੀਤੇ ਕਈ ਦਿਨਾਂ ਤੋਂ ਹੜਤਾਲ ਕਰ ਰਹੇ ਡਾਕਟਰਾਂ ਨਾਲ ਮੀਡੀਆ ਸਾਹਮਣੇ ਗੱਲਬਾਤ ਲਈ ਪੱਛਮੀ ਬੰਗਾਲ ਦੀ ਸੀ. ਐੱਮ. ਮਮਤਾ ਬੈਨਰਜੀ ਨੇ ਸਹਿਤਮੀ ਜਤਾਈ ਹੈ। ਇੱਥੇ ਦੱਸ ਦੇਈਏ ਕਿ ਐਤਵਾਰ ਯਾਨੀ ਕਿ ਕੱਲ ਡਾਕਟਰਾਂ ਨੇ ਮਮਤਾ ਨਾਲ ਗੱਲਬਾਤ ‘ਤੇ ਸਹਿਮਤੀ ਜਤਾਈ ਸੀ ਪਰ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਗੱਲਬਾਤ ਬੰਦ ਕਮਰੇ ਵਿਚ ਨਹੀਂ ਸਗੋਂ ਮੀਡੀਆ ਕੈਮਰਿਆਂ ਦੇ ਸਾਹਮਣੇ ਹੋਵੇਗੀ। ਮਮਤਾ ਵਲੋਂ ਸੁਰੱਖਿਆ ਦਾ ਭਰੋਸਾ ਦੇਣ ਤੋਂ ਬਾਅਦ ਪੱਛਮੀ ਬੰਗਾਲ ਦੇ ਹੜਤਾਲੀ ਡਾਕਟਰਾਂ ਦੇ ਰਵੱਈਏ ਵਿਚ ਨਰਮੀ ਆਈ ਹੈ। ਹੜਤਾਲ ਕਰ ਰਹੇ ਡਾਕਟਰਾਂ ਦਾ ਕਹਿਣਾ ਸੀ ਕਿ ਉਹ ਪ੍ਰਦਰਸ਼ਨ ਖਤਮ ਕਰਨ ਲਈ ਮਮਤਾ ਨਾਲ ਗੱਲਬਾਤ ਕਰਨ ਨੂੰ ਤਿਆਰ ਹਨ ਪਰ ਮੁਲਾਕਾਤ ਦੀ ਥਾਂ ਉਹ ਬਾਅਦ ਵਿਚ ਤੈਅ ਕਰਨਗੇ।
ਓਧਰ ਮਮਤਾ ਬੈਨਰਜੀ ਸਰਕਾਰ ਵਲੋਂ ਸ਼ਨੀਵਾਰ ਰਾਤ ਤੋਂ ਡਾਕਟਰਾਂ ਨਾਲ ਗੱਲਬਾਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਡਾਕਟਰਾਂ ਦਾ ਕਹਿਣਾ ਸੀ ਕਿ ਮਮਤਾ ਖੁਦ ਐੱਨ. ਆਰ. ਐੱਸ. ਮੈਡੀਕਲ ਕਾਲਜ ਆਵੇ, ਜਿੱਥੇ ਘਟਨਾ ਹੋਈ ਸੀ। ਦੱਸਣਯੋਗ ਹੈ ਕਿ ਐੱਨ. ਆਰ. ਐੱਸ. ਮੈਡੀਕਲ ਕਾਲਜ ‘ਚ ਇਕ 75 ਸਾਲਾ ਬਜ਼ੁਰਗ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਦੋ ਜੂਨੀਅਰ ਡਾਕਟਰਾਂ ਦੀ ਕੁੱਟਮਾਰ ਕੀਤੀ। ਇਸ ਘਟਨਾ ਦੇ ਵਿਰੋਧ ਵਿਚ ਡਾਕਟਰ ਹੜਤਾਲ ‘ਤੇ ਚਲੇ ਗਏ। ਇਸ ਘਟਨਾ ਦਾ ਵਿਰੋਧ ਦਾ ਅਸਰ ਦੇਸ਼ ਭਰ ‘ਚ ਦੇਖਣ ਨੂੰ ਮਿਲਿਆ, ਜਿੱਥੇ ਵੱਡੀ ਗਿਣਤੀ ‘ਚ ਡਾਕਟਰ ਹੜਤਾਲ ‘ਤੇ ਹਨ। ਡਾਕਟਰ ਸੁਰੱਖਿਅਤ ਕੰਮਕਾਜ ਦੀ ਮੰਗ ਕਰ ਰਹੇ ਹਨ।