ਹੜਤਾਲ ‘ਤੇ ਗਏੇ ਡਾਕਟਰਾਂ ਨੇ ਗੱਲਬਾਤ ਲਈ ਮਮਤਾ ਦਾ ਸੱਦਾ ਠੁਕਰਾਇਆ, ਰੱਖੀ ਇਹ ਮੰਗ

ਕੋਲਕਾਤਾ — ਪੱਛਮੀ ਬੰਗਾਲ ‘ਚ ਦੋ ਜੂਨੀਅਰ ਡਾਕਟਰਾਂ ‘ਤੇ ਹੋਏ ਹਮਲੇ ਦੀ ਘਟਨਾ ਮਗਰੋਂ ਹੜਤਾਲ ਕਰ ਰਹੇ ਜੂਨੀਅਰ ਡਾਕਟਰਾਂ ਨੇ ਸੂਬਾ ਸਕੱਤਰੇਤ ‘ਚ ਸ਼ਨੀਵਾਰ ਯਾਨੀ ਕਿ ਅੱਜ ਸ਼ਾਮ ਨੂੰ ਬੈਠਕ ਦਾ ਮਮਤਾ ਬੈਨਰਜੀ ਦਾ ਸੱਦਾ ਠੁਕਰਾ ਦਿੱਤਾ ਹੈ। ਡਾਕਟਰਾਂ ਨੇ ਮੰਗ ਰੱਖੀ ਹੈ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਪਹਿਲਾਂ ਮੁਆਫ਼ੀ ਮੰਗਣੀ ਹੋਵੇਗੀ। ਮੁੱਖ ਮੰਤਰੀ ਨੇ ਇਸ ਮੁੱਦੇ ਦਾ ਹੱਲ ਕੱਢਣ ਲਈ ਡਾਕਟਰਾਂ ਨੂੰ ਬੈਠਕ ਵਿਚ ਸੱਦਾ ਦਿੱਤਾ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਮਮਤਾ ਬੈਨਰਜੀ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣੀ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਹੜਤਾਲ ਨੂੰ ਵਾਪਸ ਲੈਣ ਲਈ ਸੂਬਾ ਸਰਕਾਰ ਅੱਗੇ 6 ਸ਼ਰਤਾਂ ਵੀ ਰੱਖੀਆਂ ਹਨ। ਹਾਲਾਂਕਿ ਡਾਕਟਰਾਂ ਦੀ ਇਨ੍ਹਾਂ ਸ਼ਰਤਾਂ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ।
ਓਧਰ ਜੂਨੀਅਰ ਡਾਕਟਰਾਂ ਦੇ ਸੰਯੁਕਤ ਫੋਰਮ ਦੇ ਬੁਲਾਰੇ ਅਰਿੰਦਮ ਦੱਤਾ ਨੇ ਕਿਹਾ ਕਿ ਅਸੀਂ ਬੈਠਕ ਲਈ ਮੁੱਖ ਮੰਤਰੀ ਦੇ ਸੱਦੇ ‘ਤੇ ਸੂਬਾ ਸਕੱਤਰੇਤ ਨਹੀਂ ਜਾਵਾਂਗੇ। ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਖੁਦ ਐੱਨ. ਆਰ. ਐੱਸ. ਮੈਡੀਕਲ ਕਾਲਜ ਆਉਣਾ ਹੋਵੇਗਾ ਅਤੇ ਇੱਥੇ ਆ ਕੇ ਸਾਡੀਆਂ ਸਮੱਸਿਆਵਾਂ ਸੁਣੇ। ਉਨ੍ਹਾਂ ਇਹ ਵੀ ਕਿਹਾ ਕਿ ਵੀਰਵਾਰ ਨੂੰ ਐੱਸ. ਐੱਸ. ਕੇ. ਐੱਮ. ‘ਚ ਆਪਣੇ ਦੌਰੇ ਦੌਰਾਨ ਕੀਤੀਆਂ ਗਈਆਂ ਟਿੱਪਣੀਆਂ ਲਈ ਬਿਨਾਂ ਕਿਸੇ ਸ਼ਰਤ ਦੇ ਮੁਆਫ਼ੀ ਮੰਗਣੀ ਹੋਵੇਗੀ, ਨਹੀਂ ਤਾਂ ਸਾਡੀ ਹੜਤਾਲ ਜਾਰੀ ਰਹੇਗੀ। ਦੱਸਣਯੋਗ ਹੈ ਕਿ ਐੱਨ. ਆਰ. ਐੱਸ. ਮੈਡੀਕਲ ਕਾਲਜ ਵਿਚ ਹੀ ਇਲਾਜ ਦੌਰਾਨ ਇਕ 75 ਸਾਲਾ ਬਜ਼ੁਰਗ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਡਾਕਟਰਾਂ ‘ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿਚ ਦੋ ਜੂਨੀਅਰ ਡਾਕਟਰ ਜ਼ਖਮੀ ਹੋ ਗਏ ਸਨ, ਜਿਨ੍ਹਾਂ ‘ਚੋਂ ਇਕ ਦੀ ਹਾਲਤ ਗੰਭੀਰ ਹੈ।