ਫਤਿਹਵੀਰ ਨੂੰ ਇਨਸਾਫ਼ ਦਿਵਾਉਣ ਲਈ ਜਾਰੀ ਭੁੱਖ ਹੜਤਾਲ ਦੂਜੇ ਦਿਨ ‘ਚ ਸ਼ਾਮਲ

ਸੰਗਰੂਰ : ਪ੍ਰਸ਼ਾਸਨਿਕ ਲਾਪ੍ਰਵਾਹੀ ਦੀ ਭੇਂਟ ਚੜੇ ਮਾਸੂਮ ਫਤਿਹਵੀਰ ਨੂੰ ਇਨਸਾਫ ਦਿਵਾਉਣ ਲਈ ਸੰਗਰੂਰ ਜ਼ਿਲੇ ਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਨੌਜਵਾਨਾਂ ਵੱਲੋਂ ਡੀ. ਸੀ. ਦਫਤਰ ਮੂਹਰੇ ਆਰੰਭੀ ਭੁੱਖ ਹੜਤਾਲ ਅੱਜ ਦੂਜੇ ਦਿਨ ਵਿਚ ਸ਼ਾਮਿਲ ਹੋ ਗਈ। ਅੱਜ ਦੇ ਦਿਨ ਭੁੱਖ ਹੜਤਾਲ ‘ਤੇ ਮੈਡਮ ਨੀਰੂ ਤੁੱਲੀ, ਲੱਛਮੀ ਦੇਵੀ, ਦਵਿੰਦਰ ਸਿੰਘ ਸਿੱਧੂ, ਅਭੀ ਗੌੜ, ਪ੍ਰਕਾਸ਼ ਸਿੰਘ ਬੈਠੇ।
ਇਸ ਸੰਘਰਸ਼ ਦੀ ਅਗਵਾਈ ਕਰ ਰਹੇ ਸਮਾਜ ਸੇਵੀ ਰਣਦੀਪ ਸਿੰਘ ਦਿਓਲ ਨੇ ਅੱਜ ਮੁੜ ਦੁਹਰਾਇਆ ਕਿ ਇਸ ਘਟਨਾ ਨੂੰ ਲੈ ਕੇ ਸਰਕਾਰ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੌਂ ਰਿਹਾ ਹੈ। ਪੰਜਾਬ ਸਰਕਾਰ ਵਲੋਂ ਜੇਕਰ ਕਾਨੂੰਨੀ ਕਾਰਵਾਈ ਦਾ ਅਮਲ ਸ਼ੁਰੂ ਨਾ ਕੀਤਾ ਤਾਂ ਐਤਵਾਰ ਤੋਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਕੇ ਧਰਨਾ ਦਿੱਤਾ ਜਾਵੇਗਾ ਅਤੇ ਚੱਕਾ ਜਾਮ ਰੱਖਿਆ ਜਾਵੇਗਾ। ਉਨਾਂ ਮੰਗ ਕੀਤੀ ਕਿ ਇਸ ਘਟਨਾ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਵੀ ਇਸ ਵਿਚ ਦੋਸ਼ੀ ਪਾਇਆ ਜਾਂਦਾ ਹੈ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਮਾਜ ਸੇਵੀ ਲਲਿਤ ਗਰਗ ਤੇ ਸੁਨੀਲ ਗੋਇਲ ਨੇ ਕਿਹਾ ਕਿ ਇਸ ਸੰਘਰਸ਼ ਨੂੰ ਮੁਕੰਮਲ ਤੌਰ ‘ਤੇ ਗੈਰ ਸਿਆਸੀ ਰੱਖਿਆ ਜਾਵੇਗਾ ਅਤੇ ਸਿਆਸੀ ਬਿਆਨਬਾਜ਼ੀ ਕਰਨ ਵਾਲਿਆਂ ਨੂੰ ਦੂਰ ਰੱਖਿਆ ਜਾਵੇਗਾ। ਅੱਜ ਦੇ ਰੋਸ ਪ੍ਰਦਰਸ਼ਨ ਵਿਚ ਡਿਲੇਸ਼ ਸ਼ਰਮਾ, ਰਜਿੰਦਰ ਗੋਇਲ,ਰਾਜ ਸਿੰਘ ਖਾਲਸਾ ਤੋਂ ਇਲਾਵਾ ਹੋਰ ਵੀ ਸ਼ਹਿਰ ਵਾਸੀ ਵੱਡੀ ਗਿਣਤੀ ਵਿਚ ਮੌਜੂਦ ਸਨ।