ਅਚਾਨਕ ਕਰਤਾਰਪੁਰ ਲਾਂਘੇ ਨੂੰ ਦੇਖਣ ਪੁੱਜੇ ਸੰਨੀ ਦਿਓਲ, ਮੀਡੀਆ ਤੋਂ ਬਣਾਈ ਦੂਰੀ

ਗੁਰਦਾਸਪੁਰ : ਐੱਮ.ਪੀ. ਬਣਨ ਤੋਂ ਬਾਅਦ ਸੰਨੀ ਦਿਓਲ ਅੱਜ ਅਚਾਨਕ ਕਰਤਾਪੁਰ ਲਾਂਘੇ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਮੀਡੀਆ ਤੇ ਲੋਕਾਂ ਤੋਂ ਦੂਰੀ ਬਣਾਈ ਰੱਖੀ।  ਉਨ੍ਹਾਂ ਨੇ ਕਿਹਾ ਕਿ ਉਹ ਇਥੇ ਕੰਮ ਕਰਨ ਆਏ ਤੇ ਉਹ ਕੋਈ ਬਿਆਨਬਾਜ਼ੀ ਨਹੀਂ ਕਰਨਾ ਚਾਹੁੰਦੇ। ਇਸ ਦੌਰਾਨ ਉਨ੍ਹਾਂ ਨੇ ਨੈਸ਼ਨਲ ਹਾਈਵੇ ਆਥਰਿਟੀ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੇ ਤੇ ਹੋ ਰਹੇ ਕੰਮਾਂ ਸਬੰਧੀ ਜਾਣਕਾਰੀ ਹਾਸਲ ਕੀਤੀ।
ਦੱਸ ਦੇਈਏ ਕਿ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਦਿੱਗਜ ਨੇਤਾ ਸੁਨੀਲ ਜਾਖੜ ਨੂੰ ਭਾਰੀ ਵੋਟਾਂ ਨਾਲ ਹਰਾ ਕੇ ਇਤਿਹਾਸਕ ਜਿੱਤ ਪ੍ਰਾਪਤ ਕਰਨ ਮਗਰੋਂ ਭਾਜਪਾ ਨੇਤਾ ਅਤੇ ਫਿਲਮ ਸਟਾਰ ਸੰਨੀ ਦਿਓਲ ਸ਼ੁੱਕਰਵਾਰ ਪਹਿਲੀ ਵਾਰ ਮੁੰਬਈ ਤੋਂ ਹਵਾਈ ਜਹਾਜ਼ ਰਾਹੀਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਪਹੁੰਚੇ। ਉਹ ਆਪਣੀ ਭਾਰੀ ਸਕਿਓਰਿਟੀ ਅਤੇ ਨਿੱਜੀ ਸੁਰੱਖਿਆ ਹੇਠ ਮੁੰਬਈ ਤੋਂ ਆਪਣੇ ਹਲਕੇ ਗੁਰਦਾਸਪੁਰ ਜਾਣ ਲਈ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਕਰੀਬ 4 ਵਜੇ ਗੱਡੀਆਂ ਦੇ ਕਾਫਲੇ ਨਾਲ ਰਵਾਨਾ ਹੋ ਗਏ।
ਜ਼ਿਕਰਯੋਗ ਹੈ ਕਿ ਭਾਜਪਾ ਲੀਡਰਾਂ ਅਤੇ ਵਰਕਰਾਂ ਦੇ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਉਤਾਵਲੇ ਦਿਖਾਈ ਦੇ ਰਹੇ ਸਨ ਪਰ ਉਨ੍ਹਾਂ ਮੀਡੀਆ ਤੋਂ ਦੂਰੀ ਬਣਾਈ ਰੱਖੀ।