ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਉਤਸ਼ਾਹਿਤ ਭਾਜਪਾ ਹੁਣ ਉਪ ਚੋਣਾਂ ਦੀ ਤਿਆਰੀ ‘ਚ

ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਉਤਸ਼ਾਹਿਤ ਪ੍ਰਦੇਸ਼ ਭਾਜਪਾ ਹੁਣ ਸੂਬੇ ਵਿਚ ਵਿਧਾਨ ਸਭਾ ਉਪ ਚੋਣਾਂ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿਚ ਜੁੱਟ ਗਈ ਹੈ। ਪੰਜਾਬ ਵਿਚ ਹਾਲਾਂਕਿ ਵਿਧਾਨ ਸਭਾ ਚੋਣਾਂ ਵਿਚ ਅਜੇ ਕਾਫੀ ਸਮਾਂ ਹੈ ਪਰ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਉਸ ਦੀਆਂ ਤਿਆਰੀਆਂ ਦੇ ਸਿਲਸਿਲੇ ਵਿਚ ਮੰੰਗਲਵਾਰ ਨੂੰ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦਫਤਰ ਵਿਚ ਪ੍ਰਦੇਸ਼ ਇਕਾਈ ਦੀ ਇਕ ਸੂਬਾ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਵਿਚ ਪਾਰਟੀ ਨੇਤਾਵਾਂ ਨੇ ਸ਼੍ਰੋਅਦ ਨਾਲ ਵਿਧਾਨ ਸਭਾ ਵਿਚ ਸੀਟ ਸ਼ੇਅਰ ਵਧਾਉਣ ਦੀ ਮੰਗ ਰੱਖੀ। ਬੈਠਕ ਤੋਂ ਪਹਿਲਾਂ ਮਲਿਕ ਨੇ ਕਿਹਾ ਕਿ ਸੀ.ਐਮ. ਕੈਪਟਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ, ਕਿਉਂਕਿ ਸਰਕਾਰ ਇਸ ਗੱਲ ਨੂੰ ਮੰਨ ਚੁੱਕੀ ਹੈ ਕਿ ਸਰਕਾਰ ਵਿਚ ਕੁੱਝ ਵੀ ਚੰਗਾ ਨਹੀਂ ਹੈ ਅਤੇ ਢਾਈ ਸਾਲ ਦੇ ਕਾਰਜਕਾਲ ਵਿਚ ਅਸਫਲ ਰਹੀ ਹੈ। ਉਨ੍ਹਾਂ ਕਿਹਾ, ਲੋਕ ਸਭਾ ਚੋਣ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਦੇ ਹੀ ਮੰਤਰੀ ਨਵਜੋਤ ਸਿੱਧੂ ਦੇ ਵਿਭਾਗ ਦੀ ਕਮਜ਼ੋਰ ਕਾਰਗੁਜ਼ਾਰੀ ਦੇ ਚੱਲਦੇ ਪੰਜਾਬ ਵਿਚ ਕਾਂਗਰਸ ਉਮੀਦਵਾਰਾਂ ਨੂੰ ਸ਼ਹਿਰੀ ਖੇਤਰਾਂ ਵਿਚ ਨੁਕਸਾਨ ਹੋਇਆ। ਕਿਸਾਨਾਂ ਦੀ ਕਰਜ਼ਾ ਮੁਆਫੀ ‘ਤੇ ਵੀ ਹੁਣ ਪੰਜਾਬ ਸਰਕਾਰ ਕੇਂਦਰ ਤੋਂ ਧੰਨ ਮੰਗਣ ਲੱਗੀ ਹੈ।
ਕੈਪਟਨ ‘ਤੇ ਮਲਿਕ ਦਾ ਵਾਰ, ਕਲਿਆਣਕਾਰੀ ਸਕੀਮਾਂ ਵੀ ਬੰਦ ਕੀਤੀਆਂ :
ਮਲਿਕ ਨੇ ਦੋਸ਼ ਲਗਾਇਆ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਨੇ ਪਿਛਲੀ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਪੈਨਸ਼ਨ ਯੋਜਨਾ, ਸ਼ਗੁਨ ਯੋਜਨਾ ਅਤੇ ਹੋਰ ਕਲਿਆਣਕਾਰੀ ਯੋਜਨਾਵਾਂ ਨੂੰ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਆਯੁਸ਼ਮਨ ਯੋਜਨਾ ਨੂੰ ਵੀ ਪੰਜਾਬ ਸਰਕਾਰ ਨੇ ਸੂਬੇ ਵਿਚ ਲਾਗੂ ਨਾ ਕਰਕੇ ਇਸ ਦੇ ਲਾਭ ਦੀ ਸ਼੍ਰੇਣੀ ਵਿਚ ਆਉਣ ਵਾਲੇ 1.75 ਕਰੋੜ ਲੋਕਾਂ ਨਾਲ ਧੋਖਾ ਕੀਤਾ ਹੈ। ਸਮਾਰਟ ਸਿਟੀ ਲਈ ਵੀ ਕੇਂਦਰ ਨੇ ਰਾਸ਼ੀ ਤਾਂ ਜਾਰੀ ਕਰ ਦਿੱਤੀ, ਪਰ ਪੰਜਾਬ ਸਰਕਾਰ ਮੈਚਿੰਗ ਗ੍ਰਾਂਟ ਨਹੀਂ ਜੁਟਾ ਸਕੀ।