ਨੰਦਾਦੇਵੀ ਰੈਸਕਿਊ ਆਪਰੇਸ਼ਨ: ਖਰਾਬ ਮੌਸਮ ਕਾਰਨ ਅੱਗੇ ਨਹੀ ਜਾ ਸਕਿਆ ਹੈਲੀਕਾਪਟਰ, ਵਾਪਸ ਪਰਤੇ ਜਵਾਨ

ਦੇਹਰਾਦੂਨ—ਨੰਦਾਦੇਵੀ ‘ਚ ਬਰਫ ਹੇਠਾ ਦੱਬੇ ਵਿਦੇਸ਼ੀ ਪਰਬਤਰੋਹੀਆਂ ਦੀਆਂ ਲਾਸ਼ਾਂ ਕੱਢਣ ਲਈ ਮੁਹਿੰਮ ਅੱਜ ਭਾਵ ਬੁੱਧਵਾਰ ਸਵੇਰਸਾਰ ਸ਼ੁਰੂ ਕੀਤੀ ਗਈ। ਪਿਥੌੜਗੜ੍ਹ ਤੋਂ ਏਅਰਫੋਰਸ ਦਾ ਐਡਵਾਂਸ ਲਾਈਟ ਹੈਲੀਕਾਪਟਰ ਟੀਮ ਨੂੰ ਲੈ ਕੇ ਰਵਾਨਾ ਹੋਇਆ। ਅੱਜ ਸਵੇਰੇ ਲਗਭਗ 5 ਵਜੇ ਆਈ. ਟੀ. ਬੀ. ਪੀ ਦੇ 4 ਪਰਬਤਰੋਹੀ ਅਤੇ ਹਵਾਈ ਫੌਜ ਦੇ 5 ਹੈਲੀਕਾਪਟਰ ‘ਚ ਮੁਨਾਸਾਰੀ ਤੋਂ ਰਵਾਨਾ ਹੋਏ। ਨੰਦਾਦੇਵੀ ਬੇਸ ਕੈਂਪ ਤੋਂ ਹੈਲੀਕਾਪਟਰ ਦੁਆਰਾ ਜ਼ਰੂਰੀ ਸਮੱਗਰੀ ਵੀ ਪਹੁੰਚਾਈ ਜਾਵੇਗੀ। ਆਈ. ਟੀ. ਬੀ. ਪੀ. ਦਾ ਦੂਜਾ ਕਮਾਂਡਿੰਗ ਅਫਸਰ ਅਤੇ ਐਵਰੈਸਟ ਵਿਜੇਤਾ ਰਤਨ ਸਿੰਘ ਸੋਨਾਲ ਦੀ ਅਗਵਾਈ ‘ਚ ਇਹ ਮੁਹਿੰਮ ਚੱਲ ਰਹੀ ਹੈ। ਦੱਸ ਦੇਈਏ ਕਿ ਟੀਮ ਲੀਡਰ ਰਤਨ ਸਿੰਘ ਧਾਰਚੂਲਾ ਨਿਵਾਸੀ ਹੈ। ਨੰਦਾ ਦੇਵੀ ਪੂਰਬ ‘ਚ ਪਹਾੜੀ ‘ਤੇ ਚੜ੍ਹਾਈ ਦੌਰਾਨ ਬਰਫਬਾਰੀ ਹੋਣ ਕਾਰਨ ਬਰਫ ‘ਚ ਦੱਬੇ ਪਰਬਤਰੋਹੀਆਂ ਦੀਆਂ ਲਾਸ਼ਾਂ ਨੂੰ ਕੱਢਣ ਲਈ ਫੌਜ, ਆਈ. ਟੀ. ਬੀ. ਪੀ. ਅਤੇ ਐੱਸ. ਡੀ. ਆਰ. ਐੱਫ. ਦਾ ਇਹ ਸੰਯੁਕਤ ਮੁਹਿੰਮ ਜਾਰੀ ਹੈ ਹਾਲਾਂਕਿ ਮੌਸਮ ਖਰਾਬ ਹੋਣ ਕਾਰਨ ਹੈਲੀਕਾਪਟਰ ਅੱਗੇ ਨਹੀਂ ਜਾ ਸਕਿਆ ਅਤੇ ਖੋਜ ਮੁਹਿੰਮ ਸ਼ੁਰੂ ਨਹੀਂ ਹੋ ਸਕੀ।
ਲਾਪਤਾ ਪਰਬਤਰੋਹੀਆਂ ਦੀਆਂ ਲਾਸ਼ਾਂ ਨੂੰ ਨੰਦਾ ਦੇਵੀ ਪਹਾੜੀ ਤੋਂ ਕੱਢਣ ਤੋਂ ਬਾਅਦ ਹੈਲੀਕਾਪਟਰ ਰਾਹੀਂ ਨੈਨੀਸੈਨੀ ਹਵਾਈ ਪੱਟੀ ਲਿਆਂਦਾ ਜਾਵੇਗਾ। ਹਵਾਈ ਪੱਟੀ ‘ਚ ਹੀ ਮ੍ਰਿਤਕਾਂ ਦਾ ਪੰਚਨਾਮਾ ਭਰਨ ਦੀ ਕਾਰਵਾਈ ਹੋਵੇਗੀ। ਇਸ ਤੋਂ ਬਾਅਦ ਲਾਸ਼ਾਂ ਸੁਰੱਖਿਅਤ ਰੱਖਣ ਲਈ ਸੁਸ਼ੀਲ ਤਿਵਾਰੀ ਮੈਡੀਕਲ ਕਾਲਜ ਹਲਦਾਨੀ ਭੇਜਿਆ ਜਾਵੇਗਾ। ਲਾਸ਼ਾਂ ਦੇ ਡੀ. ਐੱਨ. ਸੈਂਪਲ ਵੀ ਲਏ ਜਾਣਗੇ। ਵਿਦੇਸ਼ੀ ਪਰਬਤਰੋਹੀਆਂ ਦੀਆਂ ਲਾਸ਼ਾਂ ਕੱਢਣ ਤੋਂ ਬਾਅਦ ਸੁਪੁਰਦ ਕਰਨ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਸੰਬੰਧਿਤ ਦੇਸ਼ਾਂ ਨੂੰ ਦੂਤਾਵਾਸਾਂ ਨੂੰ ਵੀ ਪੱਤਰ ਭੇਜਿਆ ਗਿਆ ਹੈ।
ਜ਼ਿਕਰਯੋਗ ਹੈ ਕਿ 13 ਮਈ ਨੂੰ ਮੁਨਾਸਾਰੀ ਤੋਂ ਨੰਦਾਦੇਵੀ ਈਸਟ ‘ਚ ਪਹਾੜੀ ‘ਤੇ ਚੜ੍ਹਾਈ ਕਰਨ ਗਏ 13 ਮੈਂਬਰੀ ਦਸਤੇ ‘ਚੋਂ 8 ਪਰਬਤਰੋਹੀ ਬ੍ਰਿਟੇਨ ਨਿਵਾਸੀ ਲੀਡਰ ਮਾਰਟਿਨ ਮੋਰਿਨ, ਬ੍ਰਿਟੇਨ ਦੇ ਹੀ ਪਰਬਤਰੋਹੀ ਜੋਨ ਚਾਰਲਿਸ ਮੈਕਲਰਨ, ਰਿਚਰਡ ਪਿਆਨੇ, ਰੂਪਰਟ ਵੇਵੈਲ, ਅਮਰੀਕਾ ਦੇ ਐਂਥਨੀ ਸੁਡੇਕਮ, ਰੋਨਾਲਡ ਬੀਮੇਲ, ਆਸਟਰੇਲੀਆ ਦੀ ਮਹਿਲਾ ਪਰਬਰਰੋਹੀ ਰੂਥ ਮੈਕਨਜ਼, ਇੰਡੀਅਨ ਮਾਊਟੇਨੇਅਰਿੰਗ ਫੈਡਰੇਸ਼ਨ ਦੇ ਪਬਲਿਕ ਰਿਲੇਸ਼ਨਜ਼ ਅਫਸਰ ਚੇਤਨ ਪਾਂਡੇ ਲਾਪਤਾ ਹੋ ਗਏ ਸਨ। ਫੌਜ ਦੇ ਹੈਲੀਕਾਪਟਰ ਰਾਹੀਂ ਸ਼ੁਰੂ ਕੀਤੀ ਖੋਜ ਮੁਹਿੰਮ ਦੌਰਾਨ 5 ਪਰਬਤਰੋਹੀਆਂ ਦੀਆਂ ਲਾਸ਼ਾਂ ਬਰਫ ‘ਤੇ ਪਈਆਂ ਮਿਲੀਆਂ। ਇਨ੍ਹਾਂ ਲਾਸ਼ਾਂ ਨੂੰ ਕੱਢਣ ਲਈ ਫੌਜ, ਆਈ. ਟੀ. ਬੀ. ਪੀ, ਐੱਸ. ਡੀ. ਆਰ. ਐੱਫ. ਦੀ ਸੰਯੁਕਤ ਟੀਮ ਗਠਿਤ ਕੀਤੀ ਗਈ ਹੈ। ਆਈ. ਟੀ. ਬੀ. ਪੀ. ਨੇ ਬਰਫ ‘ਚ ਦੱਬੇ ਪਰਬਤਰੋਹੀਆਂ ਦੀਆਂ ਲਾਸ਼ਾਂ ਨੂੰ ਕੱਢਣ ਲਈ ਕੁਝ ਵਿਸ਼ੇਸ਼ ਉਪਕਰਣ ਦਿੱਲੀ ਤੋਂ ਮੰਗਵਾਏ ਹਨ।