ਦਿੱਲੀ ਸਰਕਾਰ ਨੇ ਔਰਤਾਂ ਲਈ ਮੁਫ਼ਤ ਯਾਤਰਾ ਯੋਜਨਾ ‘ਤੇ ਮੰਗੇ ਸੁਝਾਅ

ਨਵੀਂ ਦਿੱਲੀ— ਦਿੱਲੀ ਸਰਕਾਰ ਨੇ ਸਰਕਾਰੀ ਬੱਸਾਂ ਅਤੇ ਮੈਟਰੋ ਟਰੇਨਾਂ ‘ਚ ਔਰਤਾਂ ਲਈ ਮੁਫ਼ਤ ਯਾਤਰਾ ਦੀ ਆਪਣੀ ਪ੍ਰਸਤਾਵਿਤ ਯੋਜਨਾ ‘ਤੇ ਲੋਕਾਂ ਤੋਂ 15 ਜੂਨ ਤੱਕ ਆਪਣੇ ਸੁਝਾਅ ਦੇਣ ਨੂੰ ਕਿਹਾ ਹੈ। ਆਵਾਜਾਈ ਵਿਭਾਗ ਅਨੁਸਾਰ ਲੋਕ ਆਪਣੇ ਸੁਝਾਅ ਮੇਲ ਨਾਲ ਵੀ ਭੇਜ ਸਕਦੇ ਹਨ। ਇਸ ਤੋਂ ਇਲਾਵਾ ਉਹ ਪ੍ਰਧਾਨ, ਡੀ.ਡੀ.ਸੀ., ਦਿੱਲੀ ਸਰਕਾਰ, 33 ਸ਼ਾਮਨਾਥ ਮਾਰਗ, ਦਿੱਲੀ 110054 ਨੂੰ ਵੀ ਆਪਣੇ ਸੁਝਾਅ ਭੇਜ ਸਕਦੇ ਹਨ।
ਇਕ ਅਧਿਕਾਰੀ ਨੇ ਕਿਹਾ,”ਸਰਕਾਰ ਨੇ ਲੋਕਾਂ ਨੂੰ ਬੱਸਾਂ ਅਤੇ ਮੈਟਰੋ ਟਰੇਨਾਂ ‘ਚ ਔਰਤਾਂ ਲਈ ਮੁਫ਼ਤ ਯਾਤਰਾ ਯੋਜਨਾ ‘ਤੇ 15 ਜੂਨ ਤੱਕ ਸੁਝਾਅ ਦੇਣ ਲਈ ਕਿਹਾ ਹੈ।” ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਬੱਸ ‘ਚ ਯਾਤਰਾ ਕਰ ਕੇ ਯਾਤਰੀਆਂ ਤੋਂ ਇਸ ਯੋਜਨਾ ‘ਤੇ ਫੀਡਬੈੱਕ ਮੰਗੇ ਸਨ। ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਵੀ ਨਾਗਰਿਕ ਨਹੀਂ ਮਿਲਿਆ, ਜਿਸ ਨੇ ਇਸ ਦਾ ਵਿਰੋਧ ਕੀਤਾ ਹੋਵੇ। ਸਰਕਾਰ ਨੇ ਕਿਹਾ ਕਿ ਇਹ ਕਦਮ ਸ਼ਹਿਰ ‘ਚ ਔਰਤਾਂ ਦੀ ਸੁਰੱਖਿਆ ਯਕੀਨੀ ਕਰੇਗਾ।