ਜਲੰਧਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਵੱਡਾ ਝਟਕਾ ਲੱਗਿਆ, ਜਦੋਂ ਕਮੇਟੀ ਵਲੋਂ ਮਨਜੀਤ ਸਿੰਘ ਜੀ. ਕੇ., ਉਨ੍ਹਾਂ ਦੇ ਪੀ. ਏ. ਪਰਮਜੀਵਨ ਜੋਤ ਸਿੰਘ ਅਤੇ ਦਿੱਲੀ ਕਮੇਟੀ ਦੇ ਜਨਰਲ ਮੈਨੇਜਰ ਦੇ ਅਹੁਦੇ ਤੋਂ ਮੁਅੱਤਲ ਕੀਤੇ ਗਏ ਹਰਜੀਤ ਸਿੰਘ ਵਿਰੁੱਧ ਥਾਣਾ ਨਾਰਥ ਐਵੇਨਿਊ ਵਿਖੇ ਧੋਖਾਧੜੀ, ਭ੍ਰਿਸ਼ਟਾਚਾਰ ਅਤੇ ਗੁਰੂ ਦੀ ਗੋਲਕ ਦੀ ਦੁਰਵਰਤੋਂ ਦੇ ਦੋਸ਼ਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਵਤਾਰ ਸਿੰਘ ਹਿੱਤ ਨੇ ਦੱਸਿਆ ਕਿ ਕਮੇਟੀ ਵੱਲੋਂ ਜੀ. ਕੇ. ਖ਼ਿਲਾਫ਼ ਕੇਸ ਦਰਜ ਕਰਵਾਇਆ ਗਿਆ ਹੈ ਅਤੇ ਨਾਲ ਹੀ ਗੁਰੂ ਦੀ ਗੋਲਕ ਦੇ ਪੈਸੇ ਦੀ ਰਿਕਵਰੀ ਵੀ ਕੀਤੀ ਜਾਏਗੀ। ਜਥੇ. ਹਿੱਤ ਨੇ ਕਿਹਾ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਜਿਸ ਵਿਅਕਤੀ ਨੂੰ ਅਦਾਲਤ ਦੇ ਹੁਕਮਾਂ ‘ਤੇ ਮੁਕੱਦਮਾ ਦਰਜ ਕਰਕੇ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ, ਉਹ ਵਿਅਕਤੀ ਆਪਣੇ’ ਤੇ ਲੱਗੇ ਦੋਸ਼ਾਂ ਦੀ ਸਫ਼ਾਈ ਦੇਣ ਦੀ ਥਾਂ ਉਲਟਾ ਦੂਜਿਆਂ ‘ਤੇ ਦੋਸ਼ ਲਾ ਰਿਹਾ ਹੈ। ਨਾਲ ਹੀ ਜਥੇ. ਹਿੱਤ ਨੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਵਰਗੀ ਧਾਰਮਿਕ ਸ਼ਖ਼ਸੀਅਤ ਦਾ ਨਾਂ ਜੀ. ਕੇ. ਵੱਲੋਂ ਇਨ੍ਹਾਂ ਵਿਵਾਦਾਂ ਵਿਚ ਸ਼ਾਮਲ ਕਰਨ ਨੂੰ ਦੁਖਦਾਈ ਦੱਸਿਆ।
ਜਥੇਦਾਰ ਹਿੱਤ ਨੇ ਕਿਹਾ ਕਿ 140 ਕਰੋੜ ਦੀ ਪ੍ਰਾਪਰਟੀ ਦੀ ਗੱਲ ਅੱਜ ਜੀ. ਕੇ. ਵੱਲੋਂ ਖੁਦ ਕਬੂਲ ਲਈ ਗਈ ਹੈ ਜਿਸ ‘ਤੇ ਅਜੇ ਤੱਕ ਪਰਦਾ ਪਾਇਆ ਜਾ ਰਿਹਾ ਸੀ ਪਰ ਅਕਾਲੀ ਦਲ ਵੱਲੋਂ ਇਸ ਦਾ ਖੁਲਾਸਾ ਕਰਨ ਮਗਰੋਂ ਜੀ. ਕੇ. ਨੂੰ ਮੰਨਣਾ ਪਿਆ ਕਿ ਕੋਈ ਪ੍ਰਾਪਰਟੀ ਸੀ, ਜਿਸ ਨੂੰ ਖੁਰਦ-ਬੁਰਦ ਕੀਤਾ ਗਿਆ। ਜਥੇ. ਹਿੱਤ ਨੇ ਕਿਹਾ ਜੀ. ਕੇ. ਕਹਿ ਰਿਹਾ ਹੈ ਕਿ ਉਸ ਨੇ ਅਸਤੀਫ਼ਾ ਦਿੱਤਾ ਜਦਕਿ ਸੱਚਾਈ ਇਹ ਹੈ ਕਿ ਪਾਰਟੀ ਨੇ ਉਨ੍ਹਾਂ ‘ਤੇ ਲੱਗੇ ਦੋਸ਼ਾਂ ਤੋਂ ਬਾਅਦ ਜਬਰਨ ਅਸਤੀਫ਼ਾ ਲਿਆ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜਿਹੜੇ 38 ਲੱਖ ਰੁਪਏ ਦੀ ਗੱਲ ਮੇਰੇ ਪੀ. ਏ. ਰਾਹੀਂ ਖਰਚ ਹੋਣ ਦੀ ਕੀਤੀ ਜਾ ਰਹੀ ਹੈ ,ਉਹ ਸਾਰਾ ਪੈਸਾ ਜੀ. ਕੇ. ਦੀ ਪ੍ਰਵਾਨਗੀ ਅਤੇ ਦਸਤਖ਼ਤਾਂ ਨਾਲ ਉਤਰਾਖੰਡ ਦੇ ਹੜ ਪੀੜਤਾਂ ਲਈ ਭੇਜਿਆ ਗਿਆ ਜਦੋਂ ਕਿ ਮੈਂ ਉਸ ਸਮੇਂ ਵਿਦੇਸ਼ ਵਿਚ ਸੀ। ਸਾਰਾ ਪੈਸਾ ਦਿੱਲੀ ਕਮੇਟੀ ਮੈਂਬਰਾਂ ਅਤੇ ਸਟਾਫ ਵੱਲੋਂ ਉਤਰਾਖੰਡ ਪੀੜਤਾਂ ਦੀ ਮਦਦ ਲਈ ਖਰਚ ਕੀਤਾ ਅਤੇ ਜਿਸ ਦਾ ਸਾਰਾ ਹਿਸਾਬ ਕਮੇਟੀ ਦੇ ਜਨਰਲ ਮੈਨੇਜਰ ਸੂਬੇਦਾਰ ਹਰਜੀਤ ਸਿੰਘ ਨੂੰ ਦਿੱਤਾ ਗਿਆ। ਮਨਜੀਤ ਸਿੰਘ ਜੀ.ਕੇ. ਅਤੇ ਹਰਮੀਤ ਸਿੰਘ ਕਾਲਕਾ ਵੱਲੋਂ ਇਸਦੀ ਪ੍ਰਵਾਨਗੀ ਦਿੱਤੀ ਗਈ। ਸਿਰਸਾ ਨੇ ਕਿਹਾ ਅਸੀਂ ਹਰ ਜਾਂਚ ਲਈ ਤਿਆਰ ਹਾਂ।