ਸੀਤਾਪੁਰ ‘ਚ ਵੀ ਜ਼ਹਿਰੀਲੀ ਸ਼ਰਾਬ ਕਾਂਡ : ਤਿੰਨ ਦੀ ਮੌਤ, 5 ਹਸਪਤਾਲ ‘ਚ ਭਰਤੀ

ਸੀਤਾਪੁਰ— ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲੇ ‘ਚ ਜ਼ਹਿਰੀਲੀ ਸ਼ਰਾਬ ਕਾਂਡ ਤੋਂ ਬਾਅਦ ਹੁਣ ਸੀਤਾਪੁਰ ‘ਚ ਕਥਿਤ ਤੌਰ ‘ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 5 ਹੋਰ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਕਮਿਸ਼ਨਰ ਐੱਲ.ਆਰ. ਕੁਮਾਰ ਨੇ ਵੀਰਵਾਰ ਨੂੰ ਜ਼ਹਿਰੀਲੀ ਸ਼ਰਾਬ ਪੀਣ ਨਾਲ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਕੁਮਾਰ ਨੇ ਦੱਸਿਆ ਕਿ ਮਹਿਮੂਦਾਬਾਦ ਥਾਣਾ ਖੇਤਰ ਦੇ ਪੈਤੀਪੁਰ ਅਤੇ ਸੈਦਪੁਰ ਪਿੰਡਾਂ ਤੋਂ ਮੌਤ ਦੀਆਂ ਖਬਰਾਂ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ‘ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਵਿਅਕਤੀ ‘ਤੇ ਗੈਰ-ਕਾਨੂੰਨੀ ਸ਼ਰਾਬ ਦਾ ਵੈਂਡਰ ਹੋਣ ਦਾ ਸ਼ੱਕ ਹੈ। ਕੁਮਾਰ ਨੇ ਦੱਸਿਆ ਕਿ ਗੈਰ-ਕਾਨੂੰਨੀ ਸ਼ਰਾਬ ਬਾਰਾਬੰਕੀ ਤੋਂ ਮਹਿਮੂਦਾਬਾਦ ਲਿਆਂਦੀ ਜਾਂਦੀ ਸੀ।
ਜ਼ਿਕਰਯੋਗ ਹੈ ਕਿ ਬਾਰਾਬੰਕੀ ਜ਼ਿਲੇ ਦੇ ਰਾਮਨਗਰ ਖੇਤਰ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 17 ਲੋਕਾਂ ਦੀ ਮੌਤ ਹੋ ਗਈ ਅਤੇ 44 ਲੋਕ ਅਜੇ ਵੀ ਕੇ.ਜੀ.ਐੱਮ.ਸੀ. ਲਖਨਊ ‘ਚ ਭਰਤੀ ਹਨ। ਬਾਰਾਬੰਕੀ ਦੇ ਪੁਲਸ ਕਮਿਸ਼ਨਰ ਅਜੇ ਸਾਹਨੀ ਨੇ ਬੁੱਧਵਾਰ ਸ਼ਾਮ ਇਕ ਬਿਆਨ ‘ਚ ਕਿਹਾ ਕਿ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 17 ਪਹੁੰਚ ਗਈ ਹੈ। ਦੂਜੇ ਪਾਸੇ ਜ਼ਹਿਰੀਲੀ ਸ਼ਰਾਬ ਕਾਂਡ ਦੇ ਮੁੱਖ ਦੋਸ਼ੀ ਪੱਪੂ ਜਾਇਸਵਾਲ ਨੂੰ ਬੁੱਧਵਾਰ ਸਵੇਰੇ ਹੀ ਪੁਲਸ ਮੁਕਾਬਲੇ ਤੋਂ ਬਾਅਦ ਫੜ ਲਿਆ ਗਿਆ। ਬਾਅਦ ‘ਚ ਦੂਜੇ ਦੋਸ਼ੀ ਦਾਨਵੀਰ ਸਿੰਘ ਅਤੇ ਇਸ ਮਾਮਲੇ ‘ਚ ਸ਼ਾਮਲ ਪਾਏ ਗਏ ਆਬਕਾਰੀ ਨਿਰੀਖਕ ਰਾਮ ਤੀਰਥ ਮੋਰੀਆ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।