ਵਾਸ਼ਿੰਗਟਨ— ਇਕ ਉੱਚ ਅਮਰੀਕੀ ਦੂਤ ਭਾਰਤ ਅਤੇ ਅਮਰੀਕਾ ਵਿਚਕਾਰ ਦੋ-ਪੱਖੀ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਅਗਲੇ ਹਫਤੇ ਭਾਰਤ ਦੀ ਯਾਤਰਾ ਕਰਨਗੇ। ਅਮਰੀਕੀ ਰਾਜਨੀਤਕ-ਫੌਜੀ ਮਾਮਲਿਆਂ ਲਈ ਸਹਾਇਕ ਵਿਦੇਸ਼ ਮੰਤਰੀ ਕਲਾਰਕ ਕੂਪਰ 29 ਮਈ ਤੋਂ 7 ਜੂਨ ਤਕ ਸਿੰਗਾਪੁਰ, ਭਾਰਤ ਅਤੇ ਸ਼੍ਰੀਲੰਕਾ ਦੀ ਯਾਤਰਾ ਕਰਨਗੇ।
ਕੂਪਰ 31 ਮਈ ਨੂੰ ਦੋ ਜੂਨ ਤਕ ‘ਸ਼ਾਂਗਰੀ ਲਾ ਵਾਰਤਾ’ ‘ਚ ਸ਼ਾਮਲ ਹੋਣ ਦੇ ਬਾਅਦ ਭਾਰਤ ਨਾਲ ਰੱਖਿਆ ਸਹਿਯੋਗ ਅਤੇ ਸ਼ਾਂਤੀ ਰੱਖਿਆ ‘ਤੇ ਗੱਲ ਕਰਨਗੇ । ਇਹ ਟਰੰਪ ਪ੍ਰਸ਼ਾਸਨ ਦੀ ਹਿੰਦ ਪ੍ਰਸ਼ਾਂਤ ਰਣਨੀਤੀ ਮੁਤਾਬਕ ਤੇਜ਼ੀ ਨਾਲ ਵਧਦੀ ਅਮਰੀਕਾ-ਭਾਰਤ ਸਾਂਝੇਦਾਰੀ ਦੇ ਦੋ ਅਹਿਮ ਖੇਤਰ ਹਨ।
ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ,”ਅਮਰੀਕਾ-ਭਾਰਤ ਦੋ-ਪੱਖੀ ਰੱਖਿਆ ਵਪਾਰ 2008 ‘ਚ ਲਗਭਗ ਜ਼ੀਰੋ ਸੀ ਜੋ ਅੱਜ ਵਧ ਕੇ 15 ਅਰਬ ਡਾਲਰ ਤਕ ਪੁੱਜ ਗਿਆ ਹੈ। ਗੱਲਬਾਤ ‘ਚ ਇਕ ਵੱਡੇ ਰੱਖਿਆ ਸਾਂਝੇਦਾਰ ਦੇ ਰੂਪ ‘ਚ ਭਾਰਤ ਦੀ ਭੂਮਿਕਾ ਨੂੰ ਸਮਰਥਨ ਦੇਣ, ਸੁਰੱਖਿਆ ਸਹਿਯੋਗ ਨੂੰ ਵਿਸਥਾਰ ਦੇਣ ਅਤੇ ਅਮਰੀਕੀ ਉਦਯੋਗ ਲਈ ਮੌਕੇ ਵਧਾਉਣ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।”