ਨਵੀਂ ਦਿੱਲੀ— ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਮਿਲੀ ਜਿੱਤ ਮਗਰੋਂ ਨਰਿੰਦਰ ਮੋਦੀ ਵੀਰਵਾਰ ਭਾਵ ਅੱਜ ਦੂਜੇ ਕਾਰਜਕਾਲ ਲਈ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਜਾ ਰਹੇ ਹਨ। ਰਾਸ਼ਟਰਪਤੀ ਭਵਨ ‘ਚ ਇਕ ਵੱਡੇ ਸਮਾਰੋਹ ਵਿਚ ਮੋਦੀ ਦੂਜੀ ਵਾਰ ਆਪਣੇ ਮੰਤਰੀ ਪਰੀਸ਼ਦ ਨਾਲ ਸਹੁੰ ਚੁੱਕਣਗੇ। ਰਾਸ਼ਟਰਪਤੀ ਰਾਮਨਾਥ ਕੋਵਿੰਦ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ। ਦੱਸਿਆ ਜਾ ਰਿਹਾ ਹੈ ਕਿ ਸਹੁੰ ਚੁੱਕ ਸਮਾਰੋਹ 2014 ਤੋਂ ਸ਼ਾਨਦਾਰ ਹੋਵੇਗਾ ਅਤੇ ਇਸ ‘ਚ 6,000 ਮਹਿਮਾਨਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਮੋਦੀ ਦੂਜੇ ਕਾਰਜਕਾਲ ਲਈ ‘ਤਾਜਪੋਸ਼ੀ’ ਮਗਰੋਂ ਯਾਨੀ ਕਿ ਸੱਤਾ ਸੰਭਾਲਣ ਤੋਂ ਬਾਅਦ ਪਹਿਲੇ ਮਹੀਨੇ ਭਾਵ ਜੂਨ ‘ਚ ਹੀ 3 ਵਿਦੇਸ਼ੀ ਦੌਰੇ ਕਰਨਗੇ। ਮੋਦੀ 20 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰ ਕੇ ਦੁਨੀਆ ਦੇ 20 ਸੀਨੀਅਰ ਨੇਤਾਵਾਂ ਨੂੰ ਮਿਲਣਗੇ। ਪਹਿਲਾ ਦੌਰਾ (7-8 ਜੂਨ) ਮਾਲਦੀਵ ਦਾ ਹੋਵੇਗਾ ਅਤੇ ਦੂਜਾ ਦੌਰਾਨ (13-14 ਜੂਨ) ਕਿਗਰਿਸਤਾਨ ਦਾ ਹੋਵੇਗਾ। ਮਹੀਨੇ ਦੇ ਆਖਰੀ ਹਫਤੇ ਯਾਨੀ ਕਿ 28-29 ਜੂਨ ਨੂੰ ਮੋਦੀ ਜੀ-20 ਦੀ ਸ਼ਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਜਾਪਾਨ ਜਾਣਗੇ।
ਮੋਦੀ ਕੁੱਲ ਮਿਲਾ ਕੇ 55 ਘੰਟੇ ਦੀ ਹਵਾਈ ਯਾਤਰਾ ਕਰਦੇ ਹੋਏ 20 ਹਜ਼ਾਰ ਕਿਲੋਮੀਟਰ ਦਾ ਸਫਰ ਇਸ ਦੌਰਾਨ ਤੈਅ ਕਰਨਗੇ। ਮੋਦੀ ਆਪਣੇ ਕਾਰਜਕਾਲ ਦੇ ਪਹਿਲੇ 30 ਦਿਨਾਂ ਵਿਚ 8 ਘੰਟੇ ਦਾ ਹਵਾਈ ਸਫਰ ਮਾਲੇ ਤੋਂ ਦਿੱਲੀ ਆਉਣ-ਜਾਣ ਲਈ ਕਰਨਗੇ। ਕਰੀਬ 40 ਘੰਟੇ ਦਾ ਸਫਰ ਓਸਾਕਾ (ਜਾਪਾਨ) ਯਾਤਰਾ ਅਤੇ 7 ਘੰਟੇ ਦਾ ਆਉਣ-ਜਾਣ ਦਾ ਸਫਰ ਬਿਸ਼ਕੇਕ (ਕਿਗਰਿਸਤਾਨ) ਦੀ ਯਾਤਰਾ ‘ਚ ਬਤੀਤ ਕਰਨਗੇ। ਮੋਦੀ ਦੇ ਵਿਦੇਸ਼ ਦੌਰਿਆਂ ਵਿਚ ਜ਼ਿਆਦਾ ਨਜ਼ਰ ਕਿਗਰਿਸਤਾਨ ਦੀ ਯਾਤਰਾ ‘ਤੇ ਰਹੇਗੀ, ਜਿੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਉਨ੍ਹਾਂ ਦੀ ਪ੍ਰਧਾਨ ਮੰਤਰੀ ਬਣਨ ਮਗਰੋਂ ਪਹਿਲੀ ਮੁਲਾਕਾਤ ਹੋ ਸਕਦੀ ਹੈ। ਉੱਥੇ ਹੀ 28 ਜੂਨ ਨੂੰ ਸ਼ਿਖਰ ਸੰਮੇਲਨ ‘ਚ ਹਿੱਸਾ ਲੈਣ ਲਈ ਓਸਾਕਾ ‘ਚ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਇਸ ਸ਼ਿਖਰ ਸੰਮੇਲਨ ਵਿਚ ਮੋਦੀ ਦੀ ਮੁਲਾਕਾਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਇਲਾਵਾ ਸ਼ਿੰਜ਼ੋ ਆਬੇ, ਪੁਤਿਨ, ਅਜੇਂਲਾ ਮਾਰਕੇਲ, ਇਮੈਨੁਅਲ ਮੈਕਰੋਨ, ਮੂਨ ਜੇਈ ਇਨ, ਮੁਹੰਮਦ ਬਿਨ ਸਲਮਾਨ, ਥੈਰੇਸਾ ਮੇਅ, ਸਕੌਟ ਮੌਰੀਸਨ, ਜੋਕੋ ਵਿਡੋਡੋ ਆਦਿ ਨੇਤਾਵਾਂ ਨਾਲ ਉਨ੍ਹਾਂ ਦੀ ਮੁਲਾਕਾਤ ਹੋਵੇਗੀ।